Punjab News: ਨਰਸ ਵੱਲੋਂ ਚਿੱਟੇ ਦਾ ਟੀਕਾ ਲਾ ਕੇ ਸਾਥੀ ਦੀ ਹੱਤਿਆ
ਸ਼ਗਨ ਕਟਾਰੀਆ
ਬਠਿੰਡਾ, 18 ਦਸੰਬਰ
ਇੱਥੋਂ ਦੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਨੌਜਵਾਨ ਦੀ ਚਿੱਟੇ ਦਾ ਟੀਕਾ ਲਾ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਨਰਸ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਇਸ ਨੌਜਵਾਨ ਦੀ ਲਾਸ਼ ਨੂੰ ਧਰਤੀ ਹੇਠ ਦੱਬ ਦਿੱਤਾ ਗਿਆ ਸੀ। ਪੁਲੀਸ ਨੇ ਨਰਸ ਸਮੇਤ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੇ ਨੌਜਵਾਨ ਦੀ ਲਾਸ਼ ਨੂੰ ਘਰ ਦੇ ਨੇੜੇ ਹੀ ਰੇਲਵੇ ਲਾਈਨਾਂ ਕੋਲ ਟੋਆ ਪੁੱਟ ਕੇ ਦਬਾ ਦਿੱਤਾ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ 15 ਦਸੰਬਰ ਨੂੰ ਪਿੰਡ ਗਿੱਲ ਖੁਰਦ ਦੇ ਮੇਲਾ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪੁੱਤਰ ਬਲਜਿੰਦਰ ਸਿੰਘ ਉਰਫ ਲੱਭੀ 2 ਦਸੰਬਰ ਨੂੰ ਨਾਨਕੇ ਜਾਣ ਦਾ ਕਹਿ ਕੇ ਘਰੋਂ ਗਿਆ ਸੀ ਪਰ ਦੋ ਹਫ਼ਤੇ ਬੀਤਣ ’ਤੇ ਵੀ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਉਸ ਨੇ ਇਹ ਵੀ ਦੱਸਿਆ ਸੀ ਕਿ ਲੱਭੀ ਦਾ ਭੁੱਚੋ ਮੰਡੀ ਰਹਿੰਦੀ ਇੱਕ ਨਰਸ ਦੇ ਘਰ ਆਉਣਾ-ਜਾਣਾ ਸੀ ਅਤੇ ਉਸ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਗਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੇ ਭੁੱਚੋ ਮੰਡੀ ਦੀਆਂ ਰੇਲਵੇ ਲਾਈਨਾਂ ਨੇੜਿਓਂ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਜ਼ਮੀਨ ’ਚ ਦੱਬੀ ਲੱਭੀ ਦੀ ਲਾਸ਼ ਬਰਾਮਦ ਕਰ ਕਰਕੇ ਨਰਸ ਮੀਨਾਕਸ਼ੀ ਭੱਟੀ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਉਸ ਦੇ ਦੋ ਸਾਥੀਆਂ ਨਛੱਤਰ ਸਿੰਘ ਉਰਫ ਸ਼ਿੰਗਾਰਾ ਸਿੰਘ ਅਤੇ ਯਾਦਵਿੰਦਰ ਸਿੰਘ ਉਰਫ ਯਾਦੂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਪੀ ਨੇ ਦੱਸਿਆ ਕਿ ਮੀਨਾਕਸ਼ੀ ਭੱਟੀ ਨੇ ਮੰਨਿਆ ਹੈ ਕਿ 2 ਦਸੰਬਰ ਦੀ ਸ਼ਾਮ ਨੂੰ ਬਲਜਿੰਦਰ ਸਿੰਘ ਉਰਫ਼ ਲੱੱਭੀ ਉਸ ਦੇ ਘਰ ਆਇਆ ਸੀ ਤੇ ਉਸ ਨੇ ਲੱਭੀ ਨੂੰ ਚਿੱਟੇ ਦਾ ਟੀਕਾ ਲਗਾਇਆ ਜਿਸ ’ਚ ਚਿੱਟੇ ਦੀ ਮਿਕਦਾਰ ਜ਼ਿਆਦਾ ਸੀ। ਉਸ ਨੇ ਪੁੱਛ ਪੜਤਾਲ ਦੌਰਾਨ ਕਿਹਾ ਕਿ ਲੱਭੀ ਦੇ ਘਰ ’ਚ ਆਉਣ-ਜਾਣ ਕਾਰਨ ਉਸ ਦੇ ਘਰ ਲੜਾਈ ਝਗੜਾ ਰਹਿੰਦਾ ਸੀ। ਇਸ ਕਾਰਨ ਉਸ ਨੇ ਲੱਭੀ ਦੀ ਹੱਤਿਆ ਕਰ ਦਿੱਤੀ।