Punjab News: ਏਅਰਪੋਰਟ ਤੋਂ ਘਰ ਆ ਰਹੇ ਐੱਨਆਰਆਈ ਸਮੇਤ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ, ਮਾਂ ਜ਼ਖਮੀ
ਅਸ਼ੋਕ ਕੌਰਾ
ਫਗਵਾੜਾ, 20 ਦਸੰਬਰ
ਬੀਤੀ ਦੇਰ ਰਾਤ ਨੈਸ਼ਨਲ ਹਾਈਵੇ ਫਗਵਾੜਾ ’ਤੇ ਸ਼ੂਗਰ ਮਿੱਲ ਚੌਕ ਨੇੜੇ ਟਰੈਕਟਰ-ਟਰਾਲੀ ਨਾਲ ਇਕ ਟੈਕਸੀ ਦੇ ਟਕਰਾਉਣ ਕਾਰਨ ਆਸਟ੍ਰੇਲੀਆ ਵਾਸੀ ਐਨਆਰਆਈ ਦਿਲਪ੍ਰੀਤ ਸਿੰਘ (28) ਲੁਧਿਆਣਾ ਅਤੇ ਟੈਕਸੀ ਡਰਾਈਵਰ ਯੁਵਰਾਜ ਮਸੀਹ ਸਮੇਤ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਗੁਰਿੰਦਰ ਕੌਰ (ਮ੍ਰਿਤਕ ਐਨਆਰਆਈ ਦਿਲਪ੍ਰੀਤ ਦੀ ਮਾਤਾ) ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਵਿਚ ਜ਼ਖ਼ਮੀ ਗੁਰਿੰਦਰ ਕੌਰ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਦਿੱਤਾ ਗਿਆ।
ਮ੍ਰਿਤਕ ਐਨਆਰਆਈ ਦਿਲਪ੍ਰੀਤ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਐਨਆਰਆਈ ਲੜਕੇ ਦਿਲਪ੍ਰੀਤ ਨਾਲ ਆਸਟਰੇਲੀਆ ਤੋਂ ਵਾਪਸ ਪਰਤੇ ਸਨ ਅਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਟੈਕਸੀ ਵਿੱਚ ਲੁਧਿਆਣਾ ਆ ਰਹੇ ਸਨ, ਇਸ ਦੌਰਾਨ ਗੱਡੀ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਜੋ ਕਿ ਰਿਫਲੈਕਟਰ ਤੋਂ ਬਿਨਾਂ ਚੱਲ ਰਹੀ ਸੀ, ਨਾਲ ਜਾ ਟਕਰਾਈ। ਘਟਨਾ ਉਪਰੰਤ ਟਰੈਕਟਰ ਹਾਦਸਾਗ੍ਰਸਤ ਵਾਹਨ ਅਤੇ ਜ਼ਖਮੀਆਂ ਨੂੰ ਖੂਨ ਨਾਲ ਲੱਥਪੱਥ ਪਿੱਛੇ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਿਆ।
ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੈਕਟਰ ਚਾਲਕ ਖ਼ਿਲਾਫ਼ ਧਾਰਾ 304ਏ, 337,338,426 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ ਜੋ ਅਜੇ ਫਰਾਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਅੱਜ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।