Punjab news ਕੈਂਟਰ-ਮੋਟਰਸਾਈਕਲ ਦੀ ਟੱਕਰ ’ਚ ਨਵੇਂ ਵਿਆਹੇ ਨੌਜਵਾਨ ਦੀ ਮੌਤ
ਹਰਦੀਪ ਸਿੰਘ
ਧਰਮਕੋਟ, 31 ਜਨਵਰੀ
ਇੱਥੇ ਜਲੰਧਰ-ਮੋਗਾ ਹਾਈਵੇ ਉਪਰ ਸ਼ਗਨ ਪੈਲੇਸ ਸਾਹਮਣੇ ਜਲੰਧਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਵੱਲੋਂ ਮਾਰੀ ਟੱਕਰ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਕਲਗੀਧਰ ਨਗਰ ਵਾਸੀ ਗੁਰਬਖ਼ਸ਼ ਸਿੰਘ ਉਰਫ਼ ਸਾਹਿਲ ਵਜੋਂ ਹੋਈ ਹੈ। ਨੌਜਵਾਨ ਪਰਿਵਾਰ ਸਮੇਤ ਬਾਬਾ ਦਾਮੂ ਸ਼ਾਹ ਲੁਹਾਰਾ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਸਾਹਿਲ ਦਾ ਪਰਿਵਾਰ ਮੂਲ ਰੂਪ ਵਿੱਚ ਪਿੰਡ ਕੈਲੇ ਦਾ ਰਹਿਣ ਵਾਲਾ ਹੈ ਅਤੇ ਅੱਜਕੱਲ੍ਹ ਉਹ ਧਰਮਕੋਟ ਦੇ ਮੁਹੱਲਾ ਕਲਗੀਧਰ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ। ਪੁਲੀਸ ਨੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸਾਹਿਲ ਅੱਜ ਦੁਪਹਿਰੇ ਪਰਿਵਾਰ ਸਮੇਤ ਧਾਰਮਿਕ ਸਥਾਨ ਲੁਹਾਰਾ ਤੋਂ ਮੱਥਾ ਟੇਕ ਕੇ ਵਾਪਸ ਘਰ ਆ ਰਿਹਾ ਸੀ। ਉਸ ਨੇ ਆਪਣਾ ਮੋਟਰਸਾਈਕਲ ਜਿਵੇਂ ਹੀ ਹਾਈਵੇ ਕੱਟ ਤੋਂ ਮੋੜਿਆ ਤਾਂ ਜਲੰਧਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਦੀ ਲਪੇਟ ਵਿਚ ਆ ਗਿਆ। ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਰੇਸ਼ਮ ਕੌਰ ਦੇ ਬਿਆਨਾਂ ਉੱਤੇ ਕੈਂਟਰ ਚਾਲਕ ਗੁਰਪ੍ਰੀਤ ਸਿੰਘ ਗੋਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਸਾਹਿਲ ਬਿਜਲੀ ਮਕੈਨਿਕ ਸੀ ਤੇ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।