Punjab News: ਚੌਹਾਨ ਨਾਲ ਅੱਜ ਮੀਟਿੰਗ ’ਚ ਪਏਗੀ ਨਵੇਂ ਖੇਤੀ ਮੰਡੀ ਖਰੜੇ ਦੀ ਗੂੰਜ
* ਕਿਸਾਨ ਆਗੂ ਡੱਲੇਵਾਲ ਦਾ ਮਾਮਲਾ ਵੀ ਉੱਠੇਗਾ
ਚਰਨਜੀਤ ਭੁੱਲਰ
ਚੰਡੀਗੜ੍ਹ, 3 ਜਨਵਰੀ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸ਼ਨਿਚਰਵਾਰ ਨੂੰ ਹੋਣ ਵਾਲੀ ਕੌਮੀ ਪੱਧਰੀ ਮੀਟਿੰਗ ਵਿੱਚ ‘ਖੇਤੀ ਮੰਡੀ ਨੀਤੀ’ ਦੇ ਖਰੜੇ ਦੀ ਗੂੰਜ ਪਏਗੀ ਅਤੇ ਨਾਲ ਹੀ ਖਨੌਰੀ ਬਾਰਡਰ ’ਤੇ 39 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਾਮਲਾ ਵੀ ਉੱਠੇਗਾ। ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਭਲਕੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਨਾਲ ਸਵੇਰੇ 11 ਵਜੇ ਵਰਚੁਅਲ ਮੀਟਿੰਗ ਕੀਤੀ ਜਾਣੀ ਹੈ। ਕੇਂਦਰ ਸਰਕਾਰ ਨੇ ਇਸ ਮੀਟਿੰਗ ਵਿੱਚ ਖੇਤੀ ਸੈਕਟਰ ਦੀਆਂ ਮੰਗਾਂ ਅਤੇ ਖੇਤੀ ਸੁਧਾਰਾਂ ’ਤੇ ਧਿਆਨ ਦੇਣਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੁਝ ਸਮਾਂ ਪਹਿਲਾਂ ਸੂਬਿਆਂ ਦੇ ਖੇਤੀ ਮੰਤਰੀਆਂ ਨੂੰ ਮਿਲ ਵੀ ਚੁੱਕੇ ਹਨ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਖੇਤੀ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪੰਜਾਬ ਦੇ ਖੇਤੀ ਸੈਕਟਰ ਦੀਆਂ ਮੁਸ਼ਕਲਾਂ ਅਤੇ ਮੰਗਾਂ ਦਾ ਚਾਰਟਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਸੂਬੇ ਦੇ ਖੇਤੀ ਮੰਤਰੀ ਖੁੱਡੀਆਂ ਨੇ ਖੇਤੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸ਼ਾਮ ਸਮੇਂ ਮੀਟਿੰਗ ਕੀਤੀ ਤਾਂ ਜੋ ਭਲਕ ਦੀ ਮੀਟਿੰਗ ਵਿੱਚ ਮੁੱਦੇ ਉਠਾਏ ਜਾ ਸਕਣ। ਇਸ ਮੀਟਿੰਗ ਵਿੱਚ ਫ਼ਸਲੀ ਵਿਭਿੰਨਤਾ ਤੇ ਪਰਾਲੀ ਪ੍ਰਬੰਧਨ ਸਬੰਧੀ ਮੁੱਦੇ ਵੀ ਉੱਠਣੇ ਹਨ। ਕੇਂਦਰੀ ਮੰਤਰੀ ਚੌਹਾਨ ਮੀਟਿੰਗ ਕਰ ਰਹੇ ਹੋਣਗੇ ਤਾਂ ਠੀਕ ਉਸੇ ਵੇਲੇ ਖਨੌਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੀ ਮਹਾਪੰਚਾਇਤ ਚੱਲ ਰਹੀ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਹੀ ਭਲਕੇ ਹਰਿਆਣਾ ਦੇ ਟੋਹਾਣਾ ਅਤੇ 9 ਜਨਵਰੀ ਨੂੰ ਮੋਗਾ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ। ਇਨ੍ਹਾਂ ਮਹਾਪੰਚਾਇਤਾਂ ਦਾ ਮੁੱਦਾ ਕੇਂਦਰ ਸਰਕਾਰ ਵੱਲੋਂ ਭੇਜੇ ਖੇਤੀ ਨੀਤੀ ਦੇ ਖਰੜੇ ਨੂੰ ਰੱਦ ਕਰਾਉਣਾ ਹੈ। ਕੇਂਦਰ ਸਰਕਾਰ ਨੇ ਇਸ ਮੀਟਿੰਗ ਦਾ ਕੋਈ ਵਿਸਥਾਰਤ ਏਜੰਡਾ ਹਾਲੇ ਤੱਕ ਨਹੀਂ ਭੇਜਿਆ ਹੈ।
ਦੋ ਦਿਨ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ’ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਜੋ ਵੀ ਫ਼ੈਸਲਾ ਹੋਵੇਗਾ, ਉਸ ਦੀ ਪਾਲਣਾ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦੇ ਚੁੱਕੇ ਹਨ ਕਿ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਿਆ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਡੱਲੇਵਾਲ ਨੂੰ ਜਬਰੀ ਹਸਪਤਾਲ ਵਿੱਚ ਭਰਤੀ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨ ਮੀਟਿੰਗ ਲਈ ਕੇਂਦਰ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਨ। ਕੇਂਦਰ ਸਰਕਾਰ ਨੇ ਗੱਲਬਾਤ ਲਈ ਕੋਈ ਵੀ ਸੱਦਾ ਭੇਜਣ ਤੋਂ ਹਾਲੇ ਤੱਕ ਪਾਸਾ ਵੱਟਿਆ ਹੋਇਆ ਹੈ। ਡੱਲੇਵਾਲ ਆਖ ਚੁੱਕੇ ਹਨ ਕਿ ਉਹ ਕਿਸੇ ਵੀ ਸੂਰਤ ਵਿੱਚ ਇਲਾਜ ਨਹੀਂ ਕਰਾਉਣਗੇ।
ਕਿਸਾਨਾਂ ਨੂੰ ਸਮਰੱਥ ਬਣਾਉਣ ਦੀ ਹਰੇਕ ਸੰਭਵ ਕੋਸ਼ਿਸ਼ ਕਰੇਗਾ ਕੇਂਦਰ: ਚੌਹਾਨ
ਨਾਸਿਕ:
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਮਰੱਥ ਬਣਾਉਣ ਦੀ ਹਰੇਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹ ਇੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਯਸ਼ਵੰਤਰਾਓ ਚਵਾਨ ਮਹਾਰਾਸ਼ਟਰ ਓਪਨ ਯੂਨੀਵਰਸਿਟੀ (ਵਾਈਸੀਐੱਮਓਯੂ) ਵੱਲੋਂ ਕਰਵਾਏ ਗਏ ਕਿਸਾਨ ਸੁਸੰਵਾਦ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਕਿਸਾਨਾਂ ਦੇ ਸ਼ਕਤੀਕਰਨ ਤੇ ਉਨ੍ਹਾਂ ਨੂੰ ਸਮਰੱਥ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੱਖ ਵੱਖ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।’’ ਉਨ੍ਹਾਂ ਕਿਹਾ ਕਿ ਇਕ ਉਪ ਗ੍ਰਹਿ ਦਾ ਇਸਤੇਮਾਲ ਕਰ ਕੇ ਫ਼ਸਲਾਂ ਦਾ ਪੰਚਨਾਮਾ ਪੰਚਾਇਤ ਤੇ ਪਿੰਡ ਪੱਧਰ ’ਤੇ ਕੀਤਾ ਜਾਵੇਗਾ ਤਾਂ ਜੋ ਪ੍ਰਕਿਰਿਆ ਸਹੀ ਹੋਵੇ ਅਤੇ ਕਿਸਾਨਾਂ ਨੂੰ ਸਿੱਧੇ ਲਾਭ ਟਰਾਂਸਫਰ ਪ੍ਰਣਾਲੀ ਰਾਹੀਂ ਮੁਆਵਜ਼ਾ ਮਿਲ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਖਾਦਾਂ ਵਾਜ਼ਿਬ ਭਾਅ ’ਤੇ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਬਰਾਮਦਯੋਗ ਜਿਣਸਾਂ ਦੇ ਸਹੀ ਭਾਅ ਤੇ ਮਾਰਕੀਟ ਉਪਲਬਧ ਕਰਵਾਉਣ ਲਈ ਸਕਾਰਾਤਮਕ ਹੈ। -ਪੀਟੀਆਈ