Punjab news ਮੇੇਰੇ ਸੀਨੀਅਰ ਅਧਿਕਾਰੀਆਂ ਨੇ ‘ਵੱਡੀਆਂ ਮੱਛੀਆਂ’ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ: ਸਾਬਕਾ ਈਡੀ ਅਧਿਕਾਰੀ
ਦੀਪਕਮਲ ਕੌਰ
ਜਲੰਧਰ, 25 ਫਰਵਰੀ
Retired ED official writes to FM ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸੇਵਾਮੁਕਤ ਡਿਪਟੀ ਡਾਇਰੈਕਟਰ Niranjan Singh, ਜਿਨ੍ਹਾਂ ਨਸ਼ਾ ਤਸਕਰ ਜਗਦੀਸ਼ ਭੋਲਾ ਤੇ ਰਾਜਾ ਕੰਡੋਲਾ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਤਹਿਤ ਸਜ਼ਾ ਦਿਵਾਈ ਸੀ, ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖਿਆ ਹੈ।
ਸਿੰਘ ਨੇ ਪੱਤਰ ਵਿਚ ਕੇਂਦਰੀ ਮੰਤਰੀ ਨੂੰ ਉਨ੍ਹਾਂ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ ਲਈ ਕਿਹਾ ਹੈ, ਜੋ ਕੁਝ ਵੱਡੇ ਕੇਸਾਂ ਦੀ ਜਾਂਚ ਤੋਂ ਉਨ੍ਹਾਂ(ਸਿੰਘ) ਨੂੰ ਲਾਂਭੇ ਕਰ ਰਹੇ ਸਨ। ਸਿੰਘ ਨੇ ਦਾਅਵਾ ਕੀਤਾ ਕਿ ਅਜੇ ਤੱਕ ਉਨ੍ਹਾਂ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ, ਕਿਉਂਕਿ ਕੁਝ ‘ਵੱਡੀਆਂ ਮੱਛੀਆਂ’ ਨੂੰ ਬਚਾਉਣ ਲਈ ਜਾਂਚ ਵਿਚ ਅੜਿੱਕੇ ਡਾਹੇ ਗਏ।
ਨਿਰੰਜਨ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖੇ 65 ਸਫਿਆਂ ਦੇ ਪੱਤਰ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੁਝ ਹਾਈ ਪ੍ਰੋਫਾਈਲ ਕੇਸਾਂ, ਇੰਸਪੈਕਟਰ ਇੰਦਰਜੀਤ ਸਿੰਘ, ਏਆਈਜੀ ਰਾਜ ਜੀਤ ਸਿੰਘ, ਕੋਵਿਡ ਦੇ ਅਰਸੇ ਦੌਰਾਨ ਗੈਰਕਾਨੂੰਨੀ ਸ਼ਰਾਬ ਕੇਸ ਜਿਸ ਵਿਚ 130 ਤੋੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਅਤੇ ਸਿੰਜਾਈ ਘੁਟਾਲੇ ਵਿਚ ਤਿੰਨ ਆਈਏਐੱਸ ਅਧਿਕਾਰੀਆਂ (ਹੁਣ ਸੇਵਾਮੁਕਤ) ਤੇ ਸਿਆਸਤਦਾਨਾਂ ਦੀ ਸ਼ਮੂਲੀਅਤ ਆਦਿ ਦੀ ਜਾਂਚ ਤੋਂ ਰੋਕਿਆ ਗਿਆ।
ਸਿੰਘ ਨੇ ਕਿਹਾ ਕਿ ਉਸ ਦੇ ਸੀਨੀਅਰਾਂ ਨੇ ਮੁਲਜ਼ਮਾਂ ਨੂੰ ਬਚਾਉਣ ਲਈ ਉਸ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਉਹ ਇਨ੍ਹਾਂ ਕੇਸਾਂ ਵਿਚ ਦਖ਼ਲ ਨਾ ਦੇਣ। ਸਾਬਕਾ ਈਡੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਂਚ ਮੁਤਾਬਕ ਪਿਛਲੀ ਕਾਂਗਰਸ ਸਰਕਾਰ ਵਿਚ ਘੱਟੋ ਘੱਟ ਦਸ ਕਾਂਗਰਸੀ ਵਿਧਾਇਕ, ਇਕ ਮੰਤਰੀ ਤੇ ਤੱਤਕਾਲੀ ਮੁੱਖ ਮੰਤਰੀ ਦੇ ਨੇੜਲਿਆਂ ’ਚੋਂ ਕੁਝ ਲੋਕ 2020 ਦੇ ਨਾਜਾਇਜ਼ ਸ਼ਰਾਬ ਕੇਸ ਵਿਚ ਸ਼ਾਮਲ ਸਨ।
ਸਿੰਘ ਨੇ ਲਿਖਿਆ ਹੈ, ‘‘ਉਹ ਕੇਸ ਵੀ ਮੇਰੇ ਤੋਂ ਮੁੱਖ ਦਫ਼ਤਰ, ਨਵੀਂ ਦਿੱਲੀ ਨੂੰ ਤਬਦੀਲ ਕਰ ਦਿੱਤਾ ਗਿਆ ਸੀ... ਮੈਂ 28 ਅਗਸਤ ਨੂੰ ਜਲੰਧਰ ਦਫ਼ਤਰ ਵਿਖੇ ECIR ਨੰਬਰ 33 ਦਰਜ ਕਰਵਾਇਆ। ਮੈਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਨਾਜਾਇਜ਼ ਸ਼ਰਾਬ ਮਾਫੀਆ ਨਾ ਸਿਰਫ਼ ਗ਼ੈਰ-ਕਾਨੂੰਨੀ ਫੈਕਟਰੀਆਂ ਵਿੱਚ ਬ੍ਰਾਂਡਿਡ IMFL ਦਾ ਉਤਪਾਦਨ ਕਰ ਰਿਹਾ ਸੀ, ਸਗੋਂ ਕਈ ਡਿਸਟਿਲਰੀਆਂ ਦੇ ਮਾਲਕ ਵੀ ਲੌਕਡਾਊਨ ਦੀ ਮਿਆਦ ਦੌਰਾਨ ਕੱਚਾ ਮਾਲ ਟਰਾਂਸਫਰ ਕਰਕੇ ਆਪਣੇ ਕਾਰੋਬਾਰੀ ਅਹਾਤੇ ਤੋਂ ਬਾਹਰ IMFL ਅਤੇ ਭਾਰਤੀ ਸ਼ਰਾਬ ਦੇ ਨਿਰਮਾਣ ਵਿੱਚ ਸ਼ਾਮਲ ਸਨ। ਜਾਂਚ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਕੇ, ਇੰਨੀਆਂ ਜਾਨਾਂ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਨਹੀਂ ਖੜ੍ਹਾ ਕੀਤਾ ਜਾ ਸਕਦਾ।’’
ਸਿੰਘ ਨੇ ਦਾਅਵਾ ਕੀਤਾ ਕਿ ਦਸੰਬਰ 2014 ਵਿੱਚ ਜਗਦੀਸ਼ ਭੋਲਾ ਡਰੱਗ ਮਾਮਲੇ ਵਿੱਚ ਤਤਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਪੁੱਛਗਿੱਛ ਲਈ ਬੁਲਾਉਣ ਤੋਂ ਬਾਅਦ ਉਸ ਦੇ ਕੰਮ ਵਿੱਚ ਸੀਨੀਅਰ ਅਧਿਕਾਰੀਆਂ ਦੀ ਦਖਲਅੰਦਾਜ਼ੀ ਸ਼ੁਰੂ ਹੋ ਗਈ ਸੀ। ਸਿੰਘ ਨੇ ਕਿਹਾ ਕਿ ਦਿੱਲੀ ਦਾ ਇੱਕ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਬੈਠਾ ਰਿਹਾ ਅਤੇ ਸੰਮਨ ਤੋਂ ਬਾਅਦ, ਉਸ ਨੂੰ ਕੋਲਕਾਤਾ ਤਬਦੀਲ ਕਰ ਦਿੱਤਾ ਗਿਆ। ਸਾਬਕਾ ਈਡੀ ਅਧਿਕਾਰੀ ਨੇ ਆਪਣੇ 14 ਹੋਰ ਟੀਮ ਮੈਂਬਰਾਂ ਦੇ ਨਾਮ ਵੀ ਲਏ ਹਨ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਜਾਂਚ ਵਿੱਚ ਰੁਕਾਵਟ ਪਾਉਣ ਲਈ ਤਬਦੀਲ ਕੀਤਾ ਗਿਆ ਸੀ।