Punjab News ਬਠਿੰਡਾ ਵਿੱਚ ਵਕੀਲ ’ਤੇ ਦਿਨ-ਦਿਹਾੜੇ ਗੋਲੀਬਾਰੀ; ਹਸਪਤਾਲ ਦਾਖਲ
ਮਨੋਜ਼ ਸ਼ਰਮਾ
ਬਠਿੰਡਾ, 23 ਜਨਵਰੀ
ਬਠਿੰਡਾ ਕੋਰਟ ਦੇ ਵਕੀਲ ਜਸਪਿੰਦਰ ਸਿੰਘ ਯਸ਼ ਉਤੇ ਅੱਜ ਦਿਨ ਦਿਹਾੜੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰੇ 1:30 ਵਜੇ ਦੇ ਕਰੀਬ ਇਥੇ ਅੰਮ੍ਰਿਤਸਰ ਹਾਈਵੇਅ ਉਪਰ ਕੁਝ ਅਣਪਛਾਤੇ ਕਾਰ ਸਵਾਰਾਂ ਵੱਲੋਂ ਐਨ.ਐਫ.ਐੱਲ. (ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ) ਨੇੜੇ ਉਸ ਸਮੇਂ ਗੋਲੀਬਾਰੀ ਕੀਤੀ ਗਈ ਜਦੋਂ ਉਕਤ ਵਕੀਲ ਆਪਣੇ ਘਰ ਆਦਰਸ਼ ਨਗਰ ਜਾ ਰਿਹਾ ਸੀ। ਇਸ ਹਮਲੇ ਵਿਚ ਵਕੀਲ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਆਦੇਸ਼ ਮੈਡੀਕਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਥਰਮਲ ਦੀ ਟੀਮ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਵਕੀਲ ਦੇ ਲੱਤ ਵਿੱਚ ਗੋਲੀਆਂ ਲੱਗੀਆਂ ਹਨ। ਪੁਲੀਸ ਅਧਿਕਾਰੀਆਂ ਮੁਤਾਬਕ ਮਾਮਲਾ ਪਹਿਲੀ ਨਜ਼ਰ ਵਿੱਚ ਘਰੇਲੂ ਵਿਵਾਦ ਨਾਲ ਜੁੜਿਆ ਲਗਦਾ ਹੈ, ਫਿਰ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ। ਇਸੇ ਦੌਰਾਨ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਨੇ ਆਪਣੇ ਸਾਥੀ ਵਕੀਲ ’ਤੇ ਦਿਨ-ਦਿਹਾੜੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।