Punjab News: ਕਿਸਾਨ ਆਗੂ 6 ਦਸੰਬਰ ਨੂੰ ਦਿੱਲੀ ਵੱਲ ਪੈਦਲ ਮਾਰਚ ਕਰਨਗੇ: ਪੰਧੇਰ
ਚੰਡੀਗੜ੍ਹ, 1 ਦਸੰਬਰ
Farmers Protest: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਇੱਕ ਜਥਾ ਛੇ ਦਸੰਬਰ ਨੂੰ ਪੈਦਲ ਹੀ ਦਿੱਲੀ ਵੱਲ ਮਾਰਚ ਕਰੇਗਾ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਸਣੇ ਹੋਰ ਕਿਸਾਨੀ ਮੁੱਦਿਆਂ ’ਤੇ ਕੋਈ ਗੱਲਬਾਤ ਨਾ ਕਰਨ ’ਤੇ ਕੇਂਦਰ ਦੀ ਨਿਖੇਧੀ ਕੀਤੀ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਦੀ ਅਗਵਾਈ ਹੇਠ ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਹੱਦਾਂ ’ਤੇ ਡੇਰੇ ਲਾ ਕੇ ਬੈਠੇ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਧੇਰ ਨੇ ਕਿਹਾ ਕਿ ਕਿਸਾਨ ਸ਼ੰਭੂ ਅਤੇ ਖਨੌਰੀ ਵਿੱਚ 293 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਦਾ ਰਵੱਈਆ ਨਾਂਹਪੱਖੀ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵੱਲ ਮਾਰਚ ਕਰਨ ਵਾਲੇ ਕਿਸਾਨਾਂ ਦੇ ਪਹਿਲੇ ਜਥੇ ਦੀ ਅਗਵਾਈ ਸਤਨਾਮ ਸਿੰਘ ਪੰਨੂ, ਸੁਰਿੰਦਰ ਸਿੰਘ ਚੌਟਾਲਾ, ਸੁਰਜੀਤ ਸਿੰਘ ਫੁੱਲ ਅਤੇ ਬਲਜਿੰਦਰ ਸਿੰਘ ਕਰਨਗੇ। ਇਹ ਜਥਾ ਸ਼ਾਂਤੀਪੂਰਵਕ ਦਿੱਲੀ ਵੱਲ ਰਵਾਨਾ ਹੋਵੇਗਾ। ਇਹ ਜਥਾ ਅੰਬਾਲਾ ਦੇ ਜੱਗੀ ਸਿਟੀ ਸੈਂਟਰ, ਮੋਹਰਾ ਅਨਾਜ ਮੰਡੀ, ਖਾਨਪੁਰ ਜੱਟਾਂ ਅਤੇ ਹਰਿਆਣਾ ਦੇ ਪਿੱਪਲੀ ਵਿਚ ਰੁਕੇਗਾ।
ਪੰਧੇਰ ਨੇ ਕਿਹਾ ਕਿ ਕਿਸਾਨ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੈਦਲ ਜਾਣਗੇ ਅਤੇ ਰਾਤਾਂ ਸੜਕ ’ਤੇ ਬਿਤਾਉਣਗੇ। ਉਨ੍ਹਾਂ ਕਿਹਾ ਕਿ ਪਹਿਲੇ ਗਰੁੱਪ ਵਿੱਚ ਕਿਸਾਨਾਂ ਦੀ ਗਿਣਤੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਪੀਟੀਆਈ