For the best experience, open
https://m.punjabitribuneonline.com
on your mobile browser.
Advertisement

Punjab news ਅਧਿਆਪਕਾਂ ਨੂੰ ਬੋਲੇ ਅਪਸ਼ਬਦਾਂ ਲਈ ਜੌੜਾਮਾਜਰਾ ਮੁਆਫ਼ੀ ਮੰਗਣ: ਡੀਟੀਐੱਫ

10:17 AM Apr 08, 2025 IST
punjab news ਅਧਿਆਪਕਾਂ ਨੂੰ ਬੋਲੇ ਅਪਸ਼ਬਦਾਂ ਲਈ ਜੌੜਾਮਾਜਰਾ ਮੁਆਫ਼ੀ ਮੰਗਣ  ਡੀਟੀਐੱਫ
For City Desk Patiala/PT/DT (Story sent by Aman) Punjab Cabinet Minister, Chetan Singh Jouramajra addressing to media. TRIBUNE PHOTO: RAJESH SACHAR
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਪਰੈਲ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ‘ਆਪ’ ਸਰਕਾਰ ’ਤੇ ਸਰਕਾਰੀ ਸਕੂਲਾਂ ਦਾ ਸਿਆਸੀਕਰਨ ਕਰਨ ਦੇ ਦੋਸ਼ ਲਾਏ ਹਨ। ਡੀਟੀਐੈੱਫ ਆਗੂਆਂ ਨੇ ਸੋਮਵਾਰ ਨੂੰ ਸਿੱਖਿਆ ਕ੍ਰਾਂਤੀ ਨੂੰ ਪ੍ਰਫੁੱਲਤ ਕਰਨ ਦੇ ਨਾਮ ’ਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ‘ਆਪ’ ਵਿਧਾਇਕਾਂ ਨੂੰ ਭੇਜਣ ਦੀ ਕਾਰਵਾਈ ਦੇ ਹਵਾਲੇ ਨਾਲ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ’ਚ ਸਿਆਸੀ ਦਖਲਅੰਦਾਜ਼ੀ ਬੰਦ ਕਰੇ।

Advertisement

ਜਥੇਬੰਦੀ ਨੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ’ਤੇ ਅਜਿਹੇ ਹੀ ਇੱਕ ਸਮਾਗਮ ਦੌਰਾਨ ਸਕੂਲ ਦੀ ਸਟੇਜ ਤੋਂ ਅਧਿਆਪਕਾਂ ਦੀ ਲਾਹਪਾਹ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅਧਿਆਪਕ ਵਰਗ ਸਕੂਲਾਂ ’ਚ ਅਜਿਹਾ ਬਦਸੂਰਤ ਮਾਹੌਲ ਸਿਰਜਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ।

Advertisement
Advertisement

ਇਥੇ ਜਾਰੀ ਇੱਕ ਬਿਆਨ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਖ਼ਦਸ਼ਾ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ ਕਿ ਸਕੂਲਾਂ ਦੇ ਸੰਵੇਦਨਸ਼ੀਲ ਮਾਹੌਲ ਦਾ ਸਿਆਸੀਕਰਨ ਵਿੱਦਿਅਕ ਮਾਹੌਲ ਨੂੰ ਖਰਾਬ ਕਰੇਗਾ। ਇਸ ਦੀ ਤਾਜ਼ਾ ਮਿਸਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਇੱਕ ਸਰਕਾਰੀ ਸਕੂਲ ’ਚ ਅਧਿਆਪਕਾਂ ਨੂੰ ਬੋਲੇ ਕਥਿਤ ਅਪਸ਼ਬਦ ਹਨ।

ਅਧਿਆਪਕ ਆਗੂਆਂ ਨੇ ਸਰਕਾਰ ਤੋਂ ਸਕੂਲਾਂ ਨੂੰ ਸਿਆਸੀ ਹਿਤਾਂ ਲਈ ਵਰਤਣ ਤੋਂ ਗੁਰੇਜ਼ ਕਰਨ ਦੀ ਮੰਗ ਕਰਦਿਆਂ ਅਜਿਹੇ ਬੇਲੋੜੇ ਪ੍ਰੋਗਰਾਮਾਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਕੂਲਾਂ ਦੇ ਸਾਲਾਨਾ ਨਤੀਜੇ ਐਲਾਨਣ ਲਈ ਕੀਤੀਆਂ ਗਈਆਂ ਪੀਟੀਐੱਮ ਵਿੱਚ ਵਿਦਿਆਰਥੀਆਂ ਸਮੇਤ ਮਾਪਿਆਂ ਵੱਲੋਂ ਵੱਡੀ ਗਿਣਤੀ ਸਮੂਲੀਅਤ ਕੀਤੀ ਗਈ ਸੀ। ਜਦਕਿ ਹੁਣ ਸਕੂਲਾਂ ਅੰਦਰ ਦਾਖਲਿਆਂ ਦਾ ਮਾਹੌਲ ਹੋਣ ਕਾਰਨ ਕਿਤਾਬਾਂ ਦੀ ਵੰਡ ਵੰਡਾਈ ਤੇ ਯੂਡਾਇਸ ਸਮੇਤ ਹੋਰ ਰੁਝੇਵੇਂ ਅਧਿਆਪਕਾਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਦੇ ਰਹੇ। ਜਿਸ ਕਰਕੇ ਅਜਿਹੇ ਸਮੇਂ ਸਕੂਲਾਂ ਨੂੰ ਸਿਆਸੀ ਅਖਾੜੇ ਬਣਾ ਕੇ ਵਿਦਿਅਕ ਮਾਹੌਲ ਨੂੰ ਹੋਰ ਨਿਵਾਣ ਵੱਲ ਧੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਟਿਆਲਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿਚਲੇ ਅਜਿਹੇ ਇੱਕ ਸਮਾਗਮ ਨੂੰ ਸੰਬੋਧਨ ਦੌਰਾਨ ਅਧਿਆਪਕਾਂ ਦੀ ਲਾਹ ਪਾਹ ਕਰਦਿਆਂ ਵਿਧਾਇਕ ਜੌੜਾਮਾਜਰਾ ਦੀ ਇੱਕ ਵੀਡੀਓ ਕਲਿੱਪ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ।

Advertisement
Author Image

Advertisement