Punjab News: ਜੌੜੇ ਪੁਲਾਂ ’ਤੇ ਉਦਘਾਟਨ ਹੋਏ, MLA ਸਾਹਿਬ ਸਮਾਗਮ ’ਚ ਹਾਜ਼ਰ, ਨੀਂਹ ਪੱਥਰ ’ਚੋਂ ‘ਗ਼ਾਇਬ’
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਪੱਕੀ ਕੀਤੀ ਸਾਈਡ ਲਾਈਨਿੰਗ ਪਟਿਆਲਾ ਫੀਡਰ ਦੇ ਕੰਮਾਂ ਦਾ ਕੀਤਾ ਉਦਘਾਟਨ; ਪਟਿਆਲਾ ਫੀਡਰ ਪੱਕੀ ਹੋਣ ਨਾਲ ਪਾਣੀ ਦੀ ਸਮਰੱਥਾ 900 ਕਿਊਸਿਕ ਤੋਂ ਵਧ ਕੇ 1617 ਕਿਊਸਿਕ ਹੋਈ: ਮੰਤਰੀ
ਦੇਵਿੰਦਰ ਸਿੰਘ ਜੱਗੀ
ਪਾਇਲ, 7 ਫਰਵਰੀ
Punjab News: ਸਬ-ਡਿਵੀਜ਼ਨ ਪਾਇਲ ਅਧੀਨ ਪੈਦੇਂ ਪਿੰਡ ਭਰਥਲਾ ਰੰਧਾਵਾ ਦੀ ਹਦੂਦ ਅੰਦਰ ਜੌੜੇ ਪੁਲਾਂ (ਭਰਥਲਾ ਰੰਧਾਵਾ) ਉਤੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ 36 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਸੈਕਿੰਡ ਪਟਿਆਲਾ ਫੀਡਰ ਨਹਿਰ ਦੇ (ਸਾਇਡ ਲਾਇਨਿੰਗ/ਰੀਹੈਬਲੀਟੇਸ਼ਨ) ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਨਹਿਰ ਦੇ ਪੱਕਾ ਹੋਣ ਨਾਲ ਪਟਿਆਲਾ ਸਮੇਤ ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਜ਼ਿਲ੍ਹਿਆਂ ਦੇ 10 ਬਲਾਕਾਂ ਦੀ ਕਰੀਬ 4 ਲੱਖ ਏਕੜ ਜ਼ਮੀਨ ਨੂੰ 1617 ਕਿਊਸਿਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ, ਜਦੋਂਕਿ ਪਹਿਲਾਂ 900 ਕਿਊਸਿਕ ਪਾਣੀ ਮਿਲਦਾ ਸੀ। ਉਨ੍ਹਾਂ ਕਿਹਾ ਕਿ 42 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਇਹ ਕੰਮ ਈਮਾਨਦਾਰ ਸਰਕਾਰ ਵੱਲੋਂ 36 ਕਰੋੜ ਰੁਪਏ ਵਿੱਚ ਹੀ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਿੱਥੇ ਸੂਬੇ ਦੇ ਕਈ ਖੇਤਰਾਂ ਵਿੱਚ ਪਿਛਲੇ 40 ਸਾਲਾਂ ਤੋਂ ਨਹਿਰੀ ਪਾਣੀ ਨਹੀਂ ਲੱਗਿਆ ਸੀ, ਉੱਥੇ ਕਿਸਾਨ ਹਿਤੈਸ਼ੀ ਸਰਕਾਰ ਨੇ ਕੁੱਝ ਮਹੀਨਿਆਂ ਅੰਦਰ ਹੀ ਪਾਣੀ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਮਜ਼ਬੂਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਨਹਿਰੀ ਪਾਣੀ ਵਿੱਚੋਂ ਅਸੀਂ ਕਰੀਬ 68 ਫ਼ੀਸਦੀ ਵਰਤੋਂ ਕਰਦੇ ਸੀ ਤੇ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਸਾਲਾਂ ਵਿੱਚ ਇਹ 84 ਫ਼ੀਸਦੀ ਵਰਤੋਂ ਵਿੱਚ ਲਿਆਂਦਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ 100 ਫ਼ੀਸਦੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਨਹਿਰੀ ਪਾਣੀ ਦੀ ਵਰਤੋਂ ਨਾਲ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਹੋਵੇਗਾ, ਉੱਥੇ ਜ਼ਮੀਨ ਪੈਦਾਵਾਰ ਵੀ ਵੱਧ ਕਰੇਗੀ।
ਇਸ ਦੌਰਾਨ ਸਮਾਗਮ ਵਿਚ ਹੈਰਾਨੀ ਉਸ ਸਮੇ ਹੋਈ ਜਦੋਂ ਇਸ ਸਬੰਧੀ ਲਾਏ ਗਏ ਨੀਂਹ ਪੱਥਰ ਵਿੱਚੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਨਾਂ ਹੀ ਗ਼ਾਇਬ ਸੀ। ਜਦੋਂ ਪੱਤਰਕਾਰਾਂ ਇਸ ਬਾਰੇ ਮੰਤਰੀ ਕੋਲੋਂ ਪੁੱਛਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ ਅਤੇ ਨਹਿਰੀ ਵਿਭਾਗ ਅਧਿਕਾਰੀ ਵੀ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਰਹਿ ਗਏ। ਇਸ ਮੌਕੇ ਸਮਾਗਮ ਵਿਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਉਚੇਚੇ ਤੌਰ ’ਤੇ ਹਾਜ਼ਰ ਸਨ।
ਸਮਾਗਮ ਵਿਚ ਏਡੀਸੀ ਖੰਨਾ ਸ਼ਿਖਾ ਭਗਤ, ਐੱਸਡੀਐਮ ਪਾਇਲ ਪਰਦੀਪ ਸਿੰਘ ਬੈਂਸ, ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਤੇ ਵਿਧਾਇਕ ਦੇਵ ਮਾਨ, ਐੱਸਈ ਸੁਖਜੀਤ ਸਿੰਘ ਭੁੱਲਰ, ਐਕਸੀਅਨ ਕਿਰਨਦੀਪ ਕੌਰ ਚੌਹਾਨ, ਐਕਸੀਅਨ ਅਤਿੰਦਰ ਸਿੰਘ ਸੰਗਰੂਰ, ਆਸ਼ੀਸ਼ ਕੁਮਾਰ ਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।