Punjab News: ਸਹੁਰਾ ਪਰਿਵਾਰ ’ਤੇ ਵਿਆਹੁਤਾ ਨੂੰ ਮਾਰ ਮੁਕਾਉਣ ਤੇ ਪੁਲੀਸ ਉਤੇ ਕਾਰਵਾਈ ਨਾ ਕਰਨ ਦਾ ਦੋਸ਼
ਦਸ ਮਹੀਨੇ ਪਹਿਲਾਂ ਹੋਇਆ ਸੀ ਕਮਲਜੀਤ ਕੌਰ ਦਾ ਵਿਆਹ; 3 ਫਰਵੀਰ ਨੂੰ ਹੋਈ ਭੇਤ-ਭਰੀ ਹਾਲਤ ਵਿਚ ਮੌਤ; ਮਾਪਿਆਂ ਨੇ ਸਹੁਰੇ ਪਰਿਵਾਰ ’ਤੇ ਲਾਇਆ ਕੁੜੀ ਨੂੰ ਦਹੇਜ ਲਈ ਜ਼ਹਿਰ ਦੇ ਕੇ ਮਾਰਨ ਦਾ ਦੋਸ਼
ਹਰਦੀਪ ਸਿੰਘ
ਧਰਮਕੋਟ, 12 ਫ਼ਰਵਰੀ
Punjab News: ਹਲਕੇ ਦੇ ਪਿੰਡ ਠੂਠਗੜ੍ਹ ਵਿਖੇ ਦਸ ਮਹੀਨੇ ਪਹਿਲਾਂ ਵਿਆਹੀ ਮੁਟਿਆਰ ਦੀ 3 ਫ਼ਰਵਰੀ ਦੀ ਰਾਤ ਨੂੰ ਹੋਈ ਭੇਤ-ਭਰੀ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੜਕੀ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਲੜਕੀ ਕਮਲਜੀਤ ਕੌਰ ਨੂੰ ਜ਼ਹਿਰ ਦੇ ਕੇ ਮਾਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਨੂੰਨੀ ਕਾਰਵਾਈ ਮੰਗੀ ਹੈ।
ਮਿਤ੍ਰਕ ਲੜਕੀ ਕਮਲਜੀਤ ਕੌਰ ਦੇ ਪਿਤਾ ਗੁਰਦੇਵ ਸਿੰਘ ਨੇ ਹਲਫ਼ੀਆ ਬਿਆਨ ਰਾਹੀਂ ਦੋਸ਼ ਲਾਇਆ ਕਿ ਉਨ੍ਹਾਂ 10 ਮਹੀਨੇ ਪਹਿਲਾਂ ਆਪਣੀ ਲੜਕੀ ਦੀ ਸ਼ਾਦੀ ਠੂਠਗੜ੍ਹ ਵਾਸੀ ਗੁਰਚਰਨ ਸਿੰਘ ਨਾਲ ਕੀਤੀ ਸੀ ਅਤੇ ਆਪਣੀ ਹੈਸੀਅਤ ਮੁਤਾਬਕ ਦਾਜ ਦਹੇਜ ਵੀ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪਰਿਵਾਰ ਕਥਿਤ ਤੌਰ ’ਤੇ ਦਾਜ-ਦਹੇਜ ਲਈ ਲੜਕੀ ਨੂੰ ਅਕਸਰ ਤੰਗ ਕਰਦਾ ਸੀ। ਉਨ੍ਹਾਂ ਇਸ ਸਬੰਧੀ ਕਈ ਵਾਰ ਆਪਣੇ ਜਵਾਈ ਅਤੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਲੜਕੀ ਨੂੰ ਕਥਿਤ ਮਾਰਨਾ-ਕੁੱਟਣਾ ਜਾਰੀ ਰੱਖਿਆ।
ਉਨ੍ਹਾਂ ਦੋਸ਼ ਲਾਇਆ ਕਿ 3 ਫਰਵਰੀ ਦੀ ਰਾਤ ਨੂੰ ਲੜਕੀ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰ ਮੁਕਾਇਆ ਹੈ। ਇਸ ਸਬੰਧੀ ਉਨ੍ਹਾਂ ਪੁਲੀਸ ਚੌਕੀ ਕਮਾਲ ਕੇ ਅਤੇ ਥਾਣਾ ਧਰਮਕੋਟ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕੇਸ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਲੜਕੀ ਦੀ ਭੈਣ ਸੋਮਾ ਰਾਣੀ ਦੇ ਬਿਆਨ ਵੀ ਕਲਮਬੰਦ ਕੀਤੇ ਹਨ। ਲੜਕੀ ਦੀ ਭੈਣ ਨੇ ਆਪਣੇ ਬਿਆਨਾਂ ਵਿਚ ਪਿੰਡ ਦੇ ਇਕ ਸਾਬਕਾ ਸਰਪੰਚ ਪ੍ਰੀਤਮ ਸਿੰਘ ਉੱਤੇ ਵੀ ਗੰਭੀਰ ਦੋਸ਼ ਲਗਾਏ ਹਨ।
ਉਨ੍ਹਾਂ ਦੱਸਿਆ ਕਿ ਉਹ ਇਨਸਾਫ਼ ਲਈ ਮਾਰੇ ਮਾਰੇ ਫਿਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਉਚ ਅਧਿਕਾਰੀਆਂ ਨੂੰ ਇਨਸਾਫ ਦੀ ਅਪੀਲ ਕੀਤੀ ਹੈ।
ਮਾਮਲੇ ਦੀ ਪੜਤਾਲ ਪੂਰੀ ਹੋਣ ਪਿੱਛੋਂ ਕੀਤੀ ਜਾਵੇਗੀ ਬਣਦੀ ਕਾਰਵਾਈ: ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਪੁਲੀਸ ਨੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਸੀ ਬਾਅਦ ਵਿੱਚ ਲੜਕੀ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਮੌਤ ਨੂੰ ਕਤਲ ਦਾ ਮਾਮਲਾ ਦੱਸਦੇ ਹੋਏ ਆਪਣੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਜ਼ਰੂਰ ਅਮਲ ਵਿੱਚ ਲਿਆਂਦੀ ਜਾਵੇਗੀ।