Punjab News ਕੇਂਦਰ ਨੇ 14 ਫਰਵਰੀ ਦੀ ਬੈਠਕ ’ਚ ‘ਢੁੱਕਵਾਂ ਹੱਲ’ ਨਾ ਕੱਢਿਆ ਤਾਂ ਦਿੱਲੀ ਵੱਲ ਪੈਦਲ ਮਾਰਚ ਕਰਾਂਗੇ: ਪੰਧੇਰ
ਚੰਡੀਗੜ੍ਹ, 10 ਫਰਵਰੀ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਕਿਹਾ ਕਿ ਜੇ ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਚੰਡੀਗੜ੍ਹ ਵਿਚ ਹੋਣ ਵਾਲੀ ਤਜਵੀਜ਼ਤ ਬੈਠਕ ਵਿਚ ਕਿਸਾਨੀ ਮੰਗਾਂ ਦਾ ਕੋਈ ‘ਢੁੱਕਵਾਂ ਹੱਲ’ ਨਾ ਕੱਢਿਆ ਤਾਂ ਕਿਸਾਨਾਂ ਦਾ ਜਥਾ 25 ਫਰਵਰੀ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਪੈਦਲ ਮਾਰਚ ਕਰੇਗਾ।
ਕੇਂਦਰ ਨੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਗੱਲਬਾਤ ਲਈ ਸੱਦਾ ਦਿੱਤਾ ਸੀ। ਇਹ ਦੋਵੇਂ ਕਿਸਾਨ ਜਥੇਬੰਦੀਆਂ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਲਈ ਸ਼ੰਭੂ ਅਤੇ ਖਨੌਰੀ ਸਰਹੱਦੀ ਪੁਆਇੰਟਾਂ ’ਤੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਹਨ।
ਪੰਧੇਰ ਨੇ ਇਕ ਬਿਆਨ ਵਿਚ ਕਿਹਾ ਕਿ ਕਿਸਾਨ ਆਗੂ 14 ਫਰਵਰੀ ਨੂੰ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਬੈਠਕ ਵਿਚ ਸ਼ਾਮਲ ਹੋਣਗੇ। ਜੇ ਸਰਕਾਰ ਨੇ ਇਸ ਬੈਠਕ ਦੌਰਾਨ ‘ਢੁੱਕਵਾਂ ਹੱਲ’ ਨਾ ਕੱਢਿਆ ਤਾਂ ਕਿਸਾਨਾਂ ਦਾ ਜਥਾ 25 ਮਾਰਚ ਨੂੰ ਦਿੱਲੀ ਵੱਲ ਪੈਦਲ ਮਾਰਚ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਗੱਲਬਾਤ ਤੋਂ ਨਹੀਂ ਭੱਜੇ।
ਪੰਧੇਰ ਨੇ ਕਿਹਾ ਕਿ ਐੱਸਕੇਐੱਮ(ਗੈਰ ਸਿਆਸੀ) ਤੇ ਕੇਐੱਮਐੱਮ ਦੇ ਕਿਸਾਨ ਆਗੂਆਂ ਦਾ ਵਫ਼ਦ ਸੰਯੁਕਤ ਕਿਸਾਨ ਮੋਰਚਾ ਵੱਲੋਂ 12 ਫਰਵਰੀ ਨੂੰ ਏਕੇ ਲਈ ਸੱਦੀ ਬੈਠਕ ਵਿਚ ਵੀ ਸ਼ਾਮਲ ਹੋਵੇਗਾ। ਪੰਧੇਰ ਨੇ ਕਿਹਾ, ‘‘ਅਸੀਂ ਮੁਕੰਮਲ ਏਕਤਾ ਦੇ ਪੱਖ ਵਿਚ ਹਾਂ।’’ ਇਸ ਦੌਰਾਨ ਐੱਸਕੇਐੱਮ (ਗੈਰ ਸਿਆਸੀ) ਤੇ ਕੇਐੱਮਐੱਮ ਵੱਲੋਂ ਭਲਕੇ 11 ਫਰਵਰੀ ਨੂੰ ਰਾਜਸਥਾਨ ਦੇ ਰਤਨਪੁਰਾ, 12 ਫਰਵਰੀ ਨੂੰ ਖਨੌਰੀ ਬਾਰਡਰ ਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਕਿਸਾਨ ਮਹਾਂਪੰਚਾਇਤਾਂ ਕੀਤੀਆਂ ਜਾਣਗੀਆਂ। -ਪੀਟੀਆਈ