Punjab News: ਕਿਸਾਨ ਏਕਤਾ ਦੇ ਆਸਾਰ: ਐੱਸਕੇਐੱਮ ਨੇ ਦਿੱਤਾ ਗੱਲਬਾਤ ਦਾ ਸੱਦਾ
* ਐੱਸਕੇਐੱਮ ਦੀ ਛੇ ਮੈਂਬਰੀ ਕਮੇਟੀ ਵੱਲੋਂ 15 ਨੂੰ ਪਟਿਆਲਾ ’ਚ ਚਰਚਾ ਲਈ ਇਕੱਤਰ ਹੋਣ ਦਾ ਸੱਦਾ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ /ਪਾਤੜਾਂ, 10 ਜਨਵਰੀ
ਇੱਕ-ਦੂਜੇ ਤੋਂ ਦੂਰੀ ਬਣਾ ਕੇ ਚੱਲਦੀਆਂ ਆ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਏਕੇ ਦੇ ਆਸਾਰ ਨਜ਼ਰ ਆ ਰਹੇ ਹਨ। ਅਗਲੇ ਦਿਨਾਂ ਵਿੱਚ ਹਾਲਾਤ ਕੀ ਬਣਦੇ ਹਨ ਉਹ ਤਾਂ ਸਮਾਂ ਹੀ ਦੱਸੇਗਾ, ਪਰ ਅੱਜ ਦੀ ਸਥਿਤੀ ਨੂੰ ਭਾਂਪਦਿਆਂ ਦੋਵੇਂ ਧਿਰਾਂ ਵਿਚਾਲੇ ਜਲਦੀ ਹੀ ਏਕਤਾ ਦਾ ਰਸਮੀ ਐਲਾਨ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 11 ਮਹੀਨਿਆਂ ਤੋਂ ਅੰਤਰਰਾਜੀ ਬਾਰਡਰਾਂ ’ਤੇ ਜਾਰੀ ਮੋਰਚਿਆਂ ਅਤੇ ਜਗਜੀਤ ਸਿੰਘ ਡੱਲੇਵਾਲ ਦੇ 46 ਦਿਨਾਂ ਤੋਂ ਜਾਰੀ ਮਰਨ ਵਰਤ ਦੇ ਰੂਪ ’ਚ ਲੜੇ ਜਾ ਰਹੇ ਕਿਸਾਨ ਅੰਦੋਲਨ-2 ਦਾ ਬਦਲਣ ਵਾਲਾ ਸਰੂਪ ਹਕੂਮਤਾਂ ਲਈ ਵੱਡੀ ਚੁਣੌਤੀ ਸਿੱਧ ਹੋ ਸਕਦਾ ਹੈ।
ਮੋਗਾ ਕਾਨਫ਼ਰੰਸ ਵਿਚਲੇ ਫੈਸਲੇ ਤਹਿਤ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀ ਛੇ ਮੈਂਬਰੀ ਕਮੇਟੀ ਸੌ ਤੋਂ ਵੱਧ ਹੋਰ ਕਿਸਾਨਾਂ ਦੇ ਜਥੇ ਸਮੇਤ ਏਕਤਾ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਦੋਹਾਂ ਫੋਰਮਾਂ ਨੂੰ ਸੱਦਾ ਦੇਣ ਵਾਸਤੇ ਅੱਜ ਜਦੋਂ ਢਾਬੀ ਗੁੱਜਰਾਂ ਅਤੇ ਸ਼ੰਭੂ ਬਾਰਡਰ ’ਤੇ ਪੁੱਜੀ ਤਾਂ ਉੱਥੋਂ ਦਾ ਮਾਹੌਲ ਬੜਾ ਖੁਸ਼ਗਵਾਰ ਨਜ਼ਰ ਆਇਆ। ਭਾਵੇਂ ਕਿ ਇਨ੍ਹਾਂ ਦੋਹਾਂ ਫੋਰਮਾਂ ਨੇ ਵੀ ਅੰਦੋਲਨ ਪੂਰਾ ਭਖਾਇਆ ਹੋਇਆ ਹੈ, ਪਰ ਬਿਨਾ ਸ਼ੱਕ ਐੱਸਕੇਐੱਮ ਦੇ ਵੀ ਨਾਲ ਆ ਰਲਣ ’ਤੇ ਅੰਦੋਲਨ ਹੋਰ ਵਧੇਰੇ ਤਾਕਤਵਰ ਹੋ ਕੇ ਸਾਹਮਣੇ ਆਵੇਗਾ।
ਅੱਜ ਬਾਰਡਰਾਂ ’ਤੇ ਦੋਹਾਂ ਫੋਰਮਾਂ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਤੋਂ ਐੱਸਕੇਐੱਮ ਦੀ ਕਮੇਟੀ ਵੀ ਕਾਫ਼ੀ ਪ੍ਰਭਾਵਿਤ ਹੋਈ। ਕਮੇਟੀ ਦਾ ਤਰਕ ਸੀ ਕਿ ਉਨ੍ਹਾਂ ਨੂੰ ਆਸ ਨਾਲੋਂ ਵੀ ਵੱਧ ਮਾਣ-ਸਨਮਾਨ ਮਿਲਿਆ ਹੈ। ਬਾਰਡਰਾਂ ’ਤੇ ਪੁੱਜੀ ਐੱਸਕੇਐੱਮ ਦੀ ਛੇ ਮੈਂਬਰੀ ਕਮੇਟੀ ’ਚ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਪਟਿਆਲਾ, ਦਰਸਨਪਾਲ, ਕ੍ਰਿਸ਼ਨਾ ਪ੍ਰਸ਼ਾਦ ਅਤੇ ਜੋਗਿੰਦਰ ਨੈਨ ਸ਼ਾਮਲ ਸਨ। ਕਮੇਟੀ ਨੇ ਪਹਿਲਾਂ ਡੱਲੇਵਾਲ ਦਾ ਹਾਲਚਾਲ ਜਾਣਿਆ ਤੇ ਫਿਰ ਗੱਲਬਾਤ ਲਈ 15 ਜਨਵਰੀ ਨੂੰ ਪਟਿਆਲਾ ਵਿੱਚ ਇਕੱਤਰ ਹੋਣ ਦਾ ਸੱਦਾ ਦਿੱਤਾ। ਡੱਲੇਵਾਲ ਦੇ ਨਜ਼ਦੀਕੀ ਕਾਕਾ ਸਿੰਘ ਕੋਟੜਾ ਨੇ ਆਸ ਪ੍ਰਗਟਾਈ ਕਿ ਇਹ ਮੋਰਚਾ ਜਿੱਤਣ ਲਈ ਦੋਹਾਂ ਫੋਰਮਾਂ ਵੱਲੋਂ ਇਕਜੁੱਟਤਾ ਦੀ ਕੀਤੀ ਗਈ ਬੇਨਤੀ ’ਤੇ ਇਹ ਕਮੇਟੀ ਜਲਦੀ ਹੀ ਉਸਾਰੂ ਫੈਸਲਾ ਲਵੇਗੀ। ਜੋਗਿੰਦਰ ਸਿੰਘ ਉਗਰਾਹਾਂ ਅਤੇ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਵਿੱਚ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ, ਪ੍ਰੰਤੂ ਜਿਹੜੀਆਂ ਮੰਗਾਂ ’ਤੇ ਇਹ ਅੰਦੋਲਨ ਲੜਿਆ ਜਾ ਰਿਹਾ ਹੈ ਉਨ੍ਹਾਂ ਸਣੇ ਸਾਰਿਆਂ ਦਾ ਟੀਚਾ ਵੀ ਸਾਂਝਾ ਹੈ। ਦੋਹਾਂ ਧਿਰਾਂ ਦੇ ਇਨ੍ਹਾਂ ਆਗੂਆਂ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਦੇਖ ਲਵੇ ਕਿ ਉਹ ਸਾਰੇ ਇਕਜੁੱਟ ਹਨ ਤੇ ਹੁਣ ਫੌਰੀ ਮੰਗਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ। ਕਮੇਟੀ ਮੈਂਬਰ ਰਮਿੰਦਰ ਪਟਿਆਲਾ ਅਨੁਸਾਰ 15 ਜਨਵਰੀ ਨੂੰ ਇਹ ਮੀਟਿੰਗ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੇ ਸੱਦੇ ਤੋਂ ਇਲਾਵਾ ਕਮੇਟੀ ਨੇ ਦੋਵੇਂ ਫੋਰਮਾਂ ਨੂੰ ਮੋਗਾ ਮਹਾ ਪੰਚਾਇਤ ਵਿੱਚ‘ਸਾਂਝੇ ਅਤੇ ਤਾਲਮੇਲ ਵਾਲੇ ਘੋਲ ਸਬੰਧੀ ਪਾਸ ਕੀਤੇ ਗਏ ‘ਏਕਤਾ ਮਤੇ’ ਦੀ ਕਾਪੀ ਵੀ ਸੌਂਪੀ ਗਈ ਹੈ।
‘ਹੁਣ ਮੀਟਿੰਗਾਂ ਦਾ ਨਹੀਂ ਡੱਲੇਵਾਲ ਨੂੰ ਬਚਾਉਣ ਦਾ ਸਮਾਂ’
ਐੱਸਕੇਐੱਮ ਦੀ ਛੇ ਮੈਂਬਰੀ ਕਮੇਟੀ ਵੱਲੋਂ ਏਕਤਾ ਸਬੰਧੀ ਗੱਲਬਾਤ ਲਈ 15 ਜਨਵਰੀ ਨੂੰ ਪਟਿਆਲਾ ’ਚ ਸਾਂਝੀ ਮੀਟਿੰਗ ਕਰਨ ਦੇ ਦਿੱਤੇ ਗਏ ਸੱਦੇ ਤੋਂ ਬਾਅਦ ਦੇਰ ਸ਼ਾਮੀ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਆਖਿਆ ਕਿ ਹੁਣ ਵੇਲਾ ਮੀਟਿੰਗਾਂ ਦਾ ਨਹੀਂ, ਬਲਕਿ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣ ਅਤੇ ਮੋਰਚੇ ਦੀ ਮਜ਼ਬੂਤ ਲਈ ਸਿੱਧੀ ਹਮਾਇਤ ਦੇ ਕੇ ਮੈਦਾਨ ’ਚ ਉਤਰਨ ਦਾ ਹੈ। ਉਨ੍ਹਾਂ ਕਿਹਾ ਕਿ 15 ਤਰੀਕ ਹਾਲੇ ਬਹੁਤ ਦੂਰ ਹੈ ਅਤੇ ਐੱਸਕੇਐੱਮ ਛੇਤੀ ਵਿਚਾਰ ਕਰਕੇ ਮੋਰਚੇ ਦੀ ਸਪੋਰਟ ’ਤੇ ਆਵੇ। ਆਗੂਆਂ ਨੇ ਕਿਹਾ ਕਿ ਨੀਤੀ ਬਣਾਉਣ ਜਾਂ ਅੱਗੇ ਇਕੱਠਿਆਂ ਲੜਨ ਬਾਰੇ ਪਹਿਲਾਂ ਵਾਂਗ ਰਲ-ਬੈਠ ਕੇ ਵਿਚਾਰ ਕੀਤਾ ਜਾ ਸਕਦਾ ਹੈ।
ਡੱਲੇਵਾਲ ਦੀ ਹਾਲਤ ਦੇ ਮੱਦੇਨਜ਼ਰ ਪਹਿਲਾਂ ਵੀ ਹੋ ਸਕਦੀ ਹੈ ਮੀਟਿੰਗ
ਏਕੇ ਸਬੰਧੀ ਪਟਿਆਲਾ ਵਿੱਚ ਭਾਵੇਂ ਕਿ ਮੀਟਿੰਗ 15 ਜਨਵਰੀ ਨੂੰ ਤੈਅ ਕੀਤੀ ਗਈ ਹੈ, ਪਰ ਡੱਲੇਵਾਲ ਦੀ ਡਾਵਾਂਡੋਲ ਸਥਿਤੀ ਕਰ ਕੇ ਪਹਿਲਾਂ ਹੋਣ ਦੇ ਸੰਕੇਤ ਵੀ ਮਿਲੇ ਹਨ। ਦੋਹਾਂ ਫੋਰਮਾਂ ਵੱਲੋਂ ਸੁਖਜੀਤ ਸਿੰਘ ਹਰਦੋਝੰਡੇ, ਸੁਰਜੀਤ ਫੂਲ, ਦਿਲਬਾਗ ਹਰੀਗੜ੍ਹ, ਅਭਿਮੰਨਿਊ, ਮਨਜੀਤ ਨਿਆਲ, ਰਾਜ ਖੇੜੀ, ਲਖਵਿੰਦਰ ਸਿਰਸਾ, ਯਾਦਵਿੰਦਰ ਬੁਰੜ ਤੇ ਸਤਿਨਾਮ ਸਾਹਨੀ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ। ਇਸ ਮਗਰੋਂ ਕਮੇਟੀ ਨੇ ਸ਼ੰਭੂ ਬਾਰਡਰ ’ਤੇ ਪਹੁੰਚ ਕੇ ਏਕੇ ਸਬੰਧੀ 15 ਦੀ ਮੀਟਿੰਗ ਦਾ ਸੱੱਦਾ ਦਿੱਤਾ। ਕਮੇਟੀ ਨਾਲ ਮਨਜੀਤ ਧਨੇਰ ਸਣੇ ਸੌ ਦੇ ਕਰੀਬ ਹੋਰ ਕਿਸਾਨ ਵੀ ਪੁੱੱਜੇ ਸਨ। ਡੱਲੇਵਾਲ ਦੀ ਵਿਗੜਦੀ ਹਾਲਤ ਦੀ ਖ਼ਬਰ ਕਾਰਨ ਆਮ ਕਿਸਾਨਾਂ ਸ਼ਰਨਜੀਤ ਜੋਗੀਪੁਰ, ਸੁਖਜੀਤ ਰਾਠੀਆਂ, ਜਗਸੀਰ ਲਾਟੀ, ਜਸਦੇਵ ਨੂਗੀ, ਡਾ. ਬਲਬੀਰ ਭਟਮਾਜਰਾ ਸਣੇ ਕਈ ਹੋਰਾਂ ਦਾ ਕਹਿਣਾ ਸੀ ਕਿ ਮੀਟਿੰਗ ਕਰਨੀ ਹੀ ਹੈ ਤਾਂ 15 ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ।
ਜਥੇਦਾਰ ਦੀ ਥਾਂ ਪ੍ਰਧਾਨ ਮੰਤਰੀ ਨੂੰ ਮਿਲਣ ਭਾਜਪਾ ਆਗੂ: ਡੱਲੇਵਾਲ
ਪਟਿਆਲਾ (ਸਰਬਜੀਤ ਸਿੰਘ ਭੰਗੂ):
ਮਰਨ ਵਰਤ ਖ਼ਤਮ ਕਰਨ ਦਾ ਆਦੇਸ਼ ਜਾਰੀ ਕਰਨ ਦੀ ਫਰਿਆਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਗਰੇਵਾਲ ਦਾ ਜਗਜੀਤ ਸਿੰਘ ਡੱਲੇਵਾਲ ਨੇ ਅਜਿਹੀ ਹਮਦਰਦੀ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਡੱਲੇਵਾਲ ਨੇ ਇਹ ਵੀ ਕਿਹਾ ਕਿ ਜੇ ਸੱਚ ਵਿੱਚ ਭਾਜਪਾ ਆਗੂਆਂ ਨੂੰ ਉਨ੍ਹਾਂ ਨਾਲ ਹਮਦਰਦੀ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਿੰਘ ਸਾਹਿਬ ਨੂੰ ਮਿਲਣ ਦੀ ਥਾਂ ਪ੍ਰਧਾਨ ਮੰਤਰੀ ਨੂੰ ਮਿਲਣ ਅਤੇ ਉਨ੍ਹਾਂ ਉੱਪਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਪਾਉਣ। ਜ਼ਿਕਰਯੋਗ ਹੈ ਕਿ ਪਟਿਆਲਾ ਰਹਿੰਦੇ ਭਾਜਪਾ ਆਗੂ ਸੁਖਵਿੰਦਰ ਗਰੇਵਾਲ ਨੇ ਇੱਕ ਦਿਨ ਪਹਿਲਾਂ ਹੀ ਸਿੰਘ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ 45 ਦਿਨਾਂ ਤੋਂ ਜਾਰੀ ਮਰਨ ਵਰਤ ਕਾਰਨ ਡੱਲੇਵਾਲ ਦੀ ਜਾਨ ਖਤਰੇ ਵਿੱਚ ਹੈ, ਇਸ ਕਰ ਕੇ ਉਨ੍ਹਾਂ ਨੂੰ ਮਰਨ ਵਰਤ ਛੱਡਣ ਦਾ ਹੁਕਮ ਜਾਰੀ ਕੀਤਾ ਜਾਵੇ। ਇਸ ਸਬੰਧੀ ਅੱਜ ਇੱਕ ਵੀਡੀਓ ਸੁਨੇਹਾ ਜਾਰੀ ਕਰ ਕੇ ਡੱਲੇਵਾਲ ਨੇ ਕਿਹਾ ਕਿ ਮਰਨ ਵਰਤ ਰੱਖਣ ਜਾਂ ਹੱਡ ਚੀਰਵੀਂ ਠੰਢ ਵਿੱਚ ਸੜਕਾਂ ’ਤੇ ਬੈਠਣ ਦਾ ਕਿਸਾਨਾਂ ਨੂੰ ਕੋਈ ਸ਼ੌਕ ਨਹੀਂ ਹੈ, ਉਹ ਤਾਂ ਐੱਮਐੱਸਪੀ ਸਣੇ ਆਪਣੀਆਂ ਹੋਰ ਮੰਗਾਂ ਦੀ ਪੂਰਤੀ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿ ਮੰਗਾਂ ਮੰਨੇ ਜਾਣ ’ਤੇ ਉਹ ਮਰਨ ਵਰਤ ਖ਼ਤਮ ਕਰ ਦੇਣਗੇ। ਡੱਲੇਵਾਲ ਨੇ ਕਿਹਾ ਕਿ ਐੱਮਐੱਸਪੀ ਤੇ ਕਈ ਹੋਰ ਮੰਗਾਂ ਨਾ ਸਿਰਫ਼ ਕਿਸਾਨਾਂ ਬਲਕਿ ਸਮੂਹ ਦੇਸ਼ ਵਾਸੀਆਂ ਦੀਆਂ ਸਾਂਝੀਆਂ ਹਨ, ਕਿਉਂਕਿ ਕਿਸਾਨਾਂ ਦੇ ਨਾਲ ਕਈ ਹੋਰ ਵਰਗ ਸਿੱਧੇ ਅਤੇ ਅਸਿੱਧੇ ਢੰਗ ਨਾਲ ਜੁੜੇ ਹੋਏ ਹਨ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਅੰਦੋਲਨ ਨੂੰ ਦੇਸ਼ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਮੰਡੀ ਮਾਰਕੀਟ ਨੀਤੀ ਦਾ ਖਰੜਾ ਸਾੜਨ ਅਤੇ 26 ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਦੇ ਪ੍ਰੋਗਰਾਮ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।