Punjab News: ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਵੱਲੋਂ ਬਨੂੜ ਖੇਤਰ ਦੇ ਸਕੂਲਾਂ ਦੀ ਜਾਂਚ
ਕਰਮਜੀਤ ਸਿੰਘ ਚਿੱਲਾ
ਬਨੂੜ, 15 ਫਰਵਰੀ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਸ਼ੁੱਕਰਵਾਰ ਨੂੰ ਇਸ ਖੇਤਰ ਦੇ ਪਿੰਡ ਸਨੇਟਾ ਦੇ ਹਾਈ ਸਕੂਲ ਅਤੇ ਰਾਏਪੁਰ ਕਲਾਂ ਦੇ ਮਿਡਲ ਸਕੂਲ ਦੀ ਅਚਨਚੇਤੀ ਜਾਂਚ ਮਗਰੋਂ ਅੱਜ ਦੂਜੇ ਦਿਨ ਬਨੂੜ ਖੇਤਰ ਦੇ ਦੋ ਸਕੂਲਾਂ ਦਾ ਮੁਆਇਨਾ ਕੀਤਾ ਗਿਆ।
ਸ੍ਰੀ ਬੈਂਸ ਅਤੇ ਸ੍ਰੀ ਸਿਸੋਦੀਆ ਸਵੇਰ ਸਮੇਂ ਡੇਰਾਬਸੀ ਸ਼ਹਿਰ ਵਿਚ ਸਨ ਤੇ ਇਸ ਮਗਰੋਂ ਉਹ ਬਨੂੜ ਖੇਤਰ ਵਿਚ ਆ ਗਏ। ਉਨ੍ਹਾਂ ਨਾਲ ਪੰਦਰਾਂ ਦੇ ਕਰੀਬ ਕਰਮਚਾਰੀਆਂ ਦੀ ਟੀਮ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਅਤੇ ਕੇਂਦਰੀ ‘ਆਪ’ ਆਗੂ ਦੁਪਹਿਰ ਸਵਾ ਕੁ ਬਾਰਾਂ ਵਜੇ ਪਹਿਲਾਂ ਕਰਾਲਾ ਦੇ ਹਾਈ ਸਕੂਲ ਵਿਖੇ ਪਹੁੰਚੇ। ਇੱਥੇ ਉਨ੍ਹਾਂ ਮਿੱਡ-ਡੇਅ-ਮੀਲ, ਸਕੂਲ ਦੇ ਗਰਾਊਂਡ, ਸਕੂਲ ਵਿੱਚ ਆਈਆਂ ਗਰਾਂਟਾਂ ਆਦਿ ਦਾ ਨਿਰੀਖ਼ਣ ਕੀਤਾ। ਉਨ੍ਹਾਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਅਤੇ ਦਾਖ਼ਲਾ ਮੁਹਿੰਮ ਬਾਰੇ ਜਾਣਕਾਰੀ ਲਈ।
ਇਸ ਮਗਰੋਂ ਉਨ੍ਹਾਂ ਵੱਖ-ਵੱਖ ਕਲਾਸਾਂ ਦਾ ਵੀ ਨਿਰੀਖ਼ਣ ਕੀਤਾ। ਉਨ੍ਹਾਂ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਵੀ ਚੈੱਕ ਕੀਤੀ। ਉਨ੍ਹਾਂ ਸਕੂਲ ਦੀ ਕੰਪਿਊਟਰ ਲੈਬ ਵਿਚ ਕੰਪਿਊਟਰ ਦੀਆਂ ਕਲਾਸਾਂ ਲਗਾ ਰਹੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਵਾਲ-ਜਵਾਬ ਵੀ ਕੀਤੇ। ਉਹ ਕਰਾਲਾ ਸਕੂਲ ਵਿੱਚ ਅੱਧੇ ਘੰਟੇ ਤੋਂ ਵੱਧ ਸਮਾਂ ਰਹੇ। ਉਨ੍ਹਾਂ ਸਕੂਲ ਦੀ ਮੁੱਖ ਅਧਿਆਪਕਾ ਨਾਲ ਗੱਲਬਾਤ ਕਰਕੇ ਸਕੂਲ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਤੋਂ ਬਾਅਦ ਸ੍ਰੀ ਬੈਂਸ ਅਤੇ ਸ੍ਰੀ ਸਿਸੋਦੀਆ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਜਾਂਸਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਪਹੁੰਚੇ। ਇੱਥੇ ਵੀ ਉਨ੍ਹਾਂ ਸਕੂਲ ਵਿੱਚ ਚੱਲਦੇ ਵੱਖ-ਵੱਖ ਪ੍ਰਾਜੈਕਟਾਂ ਦਾ ਨਿਰੀਖ਼ਣ ਕੀਤਾ। ਉਨ੍ਹਾਂ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਕਰੀਅਰ ਸਬੰਧੀ ਸਵਾਲ ਪੁੱਛੇ। ਉਨ੍ਹਾਂ ਸਕੂਲ ਵਿੱਚ ਬੱਚਿਆਂ ਦੀ 600 ਦੇ ਕਰੀਬ ਗਿਣਤੀ ਉੱਤੇ ਵੀ ਤਸੱਲੀ ਪ੍ਰਗਟਾਈ। ਉਹ ਕੰਪਿਊਟਰ ਲੈਬ ਅਤੇ ਸਕੂਲ ਦੀ ਲਾਇਬ੍ਰੇਰੀ ਵਿਚ ਵੀ ਗਏ।
ਉਨ੍ਹਾਂ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ। ਮਿੱਡ-ਡੇਅ-ਮੀਲ ਦੇ ਖਾਣੇ ਦੀ ਵੀ ਜਾਂਚ ਕੀਤੀ। ਪਤਾ ਲੱਗਿਆ ਹੈ ਕਿ ਦੋਵੇਂ ਥਾਵਾਂ ਉੱਤੇ ਸ੍ਰੀ ਸਿਸੋਦੀਆ ਅਤੇ ਸ੍ਰੀ ਬੈਂਸ ਨੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਕਰਾਲਾ ਸਕੂਲ ਦੀ ਮੁਖੀ ਪ੍ਰੇਰਣਾ ਛਾਬੜਾ ਅਤੇ ਜਾਂਸਲਾ ਸਕੂਲ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਸੰਪਰਕ ਕਰਨ ਉੱਤੇ ਸ੍ਰੀ ਸਿਸੋਦੀਆ ਅਤੇ ਸ੍ਰੀ ਬੈਂਸ ਦੇ ਅਚਨਚੇਤੀ ਸਕੂਲਾਂ ਵਿੱਚ ਆਉਣ ਦੀ ਪੁਸ਼ਟੀ ਕੀਤੀ।
ਬੈਂਸ ਤੇ ਸਿਸੋਦੀਆਂ ਦੀਆਂ ਫੇਰੀਆਂ ਤੋਂ ਸਕੂਲਾਂ ਦਾ ਅਮਲਾ ਹੋਇਆ ਚੌਕਸ
ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਦੀਆਂ ਇਸ ਖੇਤਰ ਵਿੱਚ ਅਚਨਚੇਤ ਫੇਰੀਆਂ ਕਾਰਨ ਸਕੂਲੀ ਅਮਲਾ ਪੂਰਾ ਚੌਕਸ ਹੋ ਗਿਆ ਹੈ ਜਿਸ ਖੇਤਰ ਵਿੱਚ ਸ੍ਰੀ ਸਿਸੋਦੀਆ ਅਤੇ ਸ੍ਰੀ ਬੈਂਸ ਜਾਂਦੇ ਹਨ ਤਾਂ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤਰ ਦੇ ਸਕੂਲਾਂ ਵਾਲੇ ਵੀ ਉਨ੍ਹਾਂ ਦੀ ਪਲ-ਪਲ ਦੀ ਸੂਹ ਰੱਖ ਰਹੇ ਹਨ। ਦੋਹਾਂ ਦੇ ਆਉਣ ਅਤੇ ਜਾਣ ਬਾਰੇ ਵੀ ਇੱਕ ਦੂਜੇ ਸਕੂਲ ਤੋਂ ਜਾਣਕਾਰੀ ਹਾਸਲ ਕਰਕੇ ਸਕੂਲ ਵਾਲੇ ਖ਼ੁਦ ਆਪਣੇ ਆਪ ਨੂੰ ਤਿਆਰ ਕਰਕੇ ਰੱਖਦੇ ਹਨ। ਸਿੱਖਿਆ ਮੰਤਰੀ ਸ੍ਰੀ ਬੈਂਸ ਅਤੇ ਸ੍ਰੀ ਸਿਸੋਦੀਆ ਵੱਲੋਂ ਸਕੂਲਾਂ ਦੇ ਅਚਨਚੇਤੀ ਨਿਰੀਖ਼ਣ ਸਮੇਂ ਵਿਭਾਗ ਦੇ ਅਧਿਕਾਰੀਆਂ ਅਤੇ ਮੀਡੀਆ ਨੂੰ ਵੀ ਭਿਣਕ ਨਹੀਂ ਪੈਣ ਦਿੱਤੀ ਜਾਂਦੀ ਅਤੇ ਉਨ੍ਹਾਂ ਨਾਲ ਆਈ ਟੀਮ ਹੀ ਬਾਕਾਇਦਾ ਹਰ ਸਕੂਲ ਦੀ ਜਾਣਕਾਰੀ ਨੂੰ ਲਿਖਤੀ ਦੌਰ ’ਤੇ ਦਰਜ ਕਰਦੀ ਹੈ।