Punjab News: ਪੰਜਾਬ ’ਚ ਅੱਜ ਕਿਣ-ਮਿਣ ਤੇ ਭਲਕੇ ਗੜੇਮਾਰੀ ਦੀ ਪੇਸ਼ੀਨਗੋਈ
ਆਤਿਸ਼ ਗੁਪਤਾ
ਚੰਡੀਗੜ੍ਹ, 25 ਦਸੰਬਰ
ਪੰਜਾਬ ਤੇ ਹਰਿਆਣਾ ਵਿੱਚ ਪੋਹ ਮਹੀਨੇ ਠੰਢ ਜ਼ੋਰ ਫੜਦੀ ਜਾ ਰਹੀ ਹੈ। ਠੰਢ ਕਰਕੇ ਰੋਜ਼ਾਨਾ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 26 ਦਸੰਬਰ ਨੂੰ ਪੰਜਾਬ ਵਿੱਚ ਕਿਣ-ਮਿਣ ਹੋ ਸਕਦੀ ਹੈ। ਇਸ ਦੇ ਨਾਲ ਹੀ 27 ਦਸੰਬਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਗੜੇਮਾਰੀ ਅਤੇ 28 ਦਸੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚੱਲਣਗੀਆਂ ਅਤੇ ਤਾਪਮਾਨ ਵਿੱਚ ਵੀ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਲਗਾਤਾਰ ਵੱਧ ਰਹੀ ਠੰਢ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸੇ ਦੇ ਚੱਲਦਿਆਂ ਅਬੋਹਰ ਦੇ ਸਿਵਲ ਹਸਪਤਾਲ ਸਾਹਮਣੇ ਇਕ ਵਿਅਕਤੀ ਦੀ ਠੰਢ ਕਾਰਨ ਮੌਤ ਹੋ ਗਈ। ਇਹ ਮੌਸਮ ਖੇਤੀਬਾੜੀ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਮੀਂਹ ਪੈਣ ਸਬੰਧੀ ਜਾਣਕਾਰੀ ਮਿਲਦੇ ਹੀ ਕਿਸਾਨਾਂ ਦੇ ਚਹਿਰੇ ਖਿੜ ਗਏ ਹਨ ਪਰ ਗੜੇਮਾਰੀ ਖੇਤੀ ਲਈ ਘਾਤਕ ਸਾਬਤ ਹੋਵੇਗੀ। ਠੰਢ ਵਧਣ ਦੇ ਨਾਲ-ਨਾਲ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਆਮ ਦਿਨਾਂ ਦੇ ਮੁਕਾਬਲੇ ਵਧਦੀ ਜਾ ਰਹੀ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 8300 ਮੈਗਾਵਾਟ ’ਤੇ ਪਹੁੰਚ ਗਈ, ਜਦਕਿ ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 7200 ਮੈਗਾਵਾਟ ਸੀ।
ਫਰੀਦਕੋਟ ਰਿਹਾ ਸਭ ਤੋਂ ਠੰਢਾ
ਪੰਜਾਬ ਦਾ ਫਰੀਦਕੋਟ ਸ਼ਹਿਰ ਅੱਜ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿੱਚ ਤਾਪਮਾਨ 7.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 5.4, ਲੁਧਿਆਣਾ ’ਚ 7.4, ਪਟਿਆਲਾ ’ਚ 7.8, ਪਠਾਨਕੋਟ ’ਚ 5.7, ਬਠਿੰਡਾ ’ਚ 6.2, ਗੁਰਦਾਸਪੁਰ ’ਚ 5.5, ਨਵਾਂ ਸ਼ਹਿਰ ’ਚ 7.3, ਬਰਨਾਲਾ ’ਚ 7.4, ਫਤਹਿਗੜ੍ਹ ਸਾਹਿਬ ’ਚ 8.2, ਫਾਜ਼ਿਲਕਾ ’ਚ 5.3, ਫਿਰੋਜ਼ਪੁਰ ’ਚ 7.1, ਮੋਗਾ ’ਚ 7, ਰੂਪਨਗਰ ’ਚ 5.4 ਅਤੇ ਸੰਗਰੂਰ ’ਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।