Punjab News: ਤਰਨਤਾਰਨ ’ਚ ਐਨਕਾਊਂਟਰ ਤੋਂ ਬਾਅਦ ਪੁਲੀਸ ਅਧਿਕਾਰੀ ਸਮੇਤ ਚਾਰ ਗ੍ਰਿਫਤਾਰ
ਅੰਮ੍ਰਿਤਸਰ, 25 ਦਸੰਬਰ
ਪੰਜਾਬ ਪੁਲੀਸ ਨੇ ਤਰਨਤਾਰਨ ਵਿਚ ਬੁੱਧਵਾਰ ਨੂੰ ਇੱਕ ਗੋਲੀਬਾਰੀ ਤੋਂ ਬਾਅਦ ਪੁਲੀਸ ਅਧਿਕਾਰੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ।
ਇਸ ਦੌਰਾਨ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਯਾਦਵਿੰਦਰ ਸਿੰਘ, ਕੁਲਦੀਪ ਸਿੰਘ ਦੋਵੇਂ ਵਾਸੀ ਰੂੜੀਵਾਲਾ, ਪ੍ਰਭਦੀਪ ਸਿੰਘ ਅਤੇ ਪਵਨਦੀਪ ਸਿੰਘ ਵਾਸੀ ਸਰਹਾਲੀ ਕਲਾਂ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਵਨਦੀਪ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਇੱਕ ਏਐਸਆਈ ਹੈ, ਨੇ ਕਥਿਤ ਤੌਰ 'ਤੇ ਆਪਣੀ ਪਿਸਤੌਲ ਸ਼ੂਟਰਾਂ ਨੂੰ ਦਿੱਤੀ ਸੀ।
ਇਸ ਦੌਰਾਨ ਪੁਲੀਸ ਨੇ ਜ਼ਿੰਦਾ ਕਾਰਤੂਸ ਦੇ ਨਾਲ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ, ਜੋ ਘਟਨਾ ਵਿੱਚ ਵਰਤਿਆ ਗਿਆ ਸੀ। ਪੁਲੀਸ ਅਨੁਸਾਰ ਲਖਬੀਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਤਰਨਤਾਰਨ ਦੇ ਰੂੜੀਵਾਲਾ ਦੇ ਰਹਿਣ ਵਾਲੇ ਪੀੜਤ ਵੀਰ ਸਿੰਘ ਦੇ ਗੇਟ ’ਤੇ ਗੋਲੀਆਂ ਚਲਾਈਆਂ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਲੰਡਾ ਹਰੀਕੇ ਗੈਂਗ ਦੇ ਚਾਰ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲੀਸ ਨੇ ਚੋਹਲਾ ਸਾਹਿਬ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 308 (4) ਅਤੇ 35 (2) ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਤਕਨੀਕੀ ਪਹਿਲੂਆਂ ਅਤੇ ਮਨੁੱਖੀ ਸੂਝ-ਬੂਝ ਦੇ ਆਧਾਰ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋਵਾਂ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਜਾਲ ਵਿਛਾਇਆ ਗਿਆ ਸੀ। ਇਸ ਦੌਰਾਨ ਸ਼ੂਟਰਾਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਜਵਾਬੀ ਕਾਰਵਾਈ ਵਿਚ ਯਾਦਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਉਰਫ਼ ਲੱਡੂ ਜ਼ਖਮੀ ਹੋ ਗਏ। -ਏਐੱਨਆਈ