Punjab News: ਜਨਰਲ ਸਟੋਰ ਨੂੰ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ, ਸਭ ਕੁਝ ਸੜ ਕੇ ਹੋਇਆ ਸੁਆਹ
ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਜੁਲਾਈ
ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਬੀਤੀ ਰਾਤ ਕਰੀਬ ਢਾਈ ਵਜੇ ਇੱਕ ਜਰਨਲ ਸਟੋਰ ਨੂੰ ਭਿਆਨਕ ਅੱਗ ਲੱਗਣ ਕਾਰਨ ਸਟੋਰ ਦਾ ਸਭ ਕੁਝ ਸੜ ਕੇ ਸਵਾਹ ਹੋ ਗਿਆ ਅਤੇ ਪੀੜਤ ਦੁਕਾਨਦਾਰ ਅਜੇ ਕੁਮਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਰੇਲਵੇ ਸਟੇਸ਼ਨ ਵਿਖੇ ਤਾਇਨਾਤ ਰੇਲਵੇ ਮੁਲਾਜ਼ਮ ਸਤਿੰਦਰ ਸਿੰਘ ਪੁਆਇੰਟਸ ਮੈਨ ਨੇ ਜਦੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਤੁਰੰਤ ਨਜ਼ਦੀਕ ਦੇ ਘਰਾਂ ਵਾਲਿਆਂ ਨੂੰ ਉਠਾਇਆ ਅਤੇ ਸਾਬਕਾ ਕੌਂਸਲਰ ਦਵਿੰਦਰ ਕੁਮਾਰ ਨੀਟੂ ਨੇ ਇਸ ਦੀ ਸੂਚਨਾ ਸਿਟੀ ਪੁਲੀਸ, ਨਗਰ ਕੌਂਸਲ ਅਤੇ ਹੋਰਨਾਂ ਥਾਵਾਂ ’ਤੇ ਦਿੱਤੀ। ਲੋਕਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਲੋਕ ਬੇਵਸ ਦਿਖਾਈ ਦੇ ਰਹੇ ਸਨ।
ਬੇਸ਼ਕ ਮੌਕੇ ਤੇ ਪੰਜਾਬ ਪੁਲੀਸ ਦੇ ਮੁਲਾਜ਼ਮ, ਨਗਰ ਕੌਂਸਲ ਦੇ ਸਫਾਈ ਕਰਮਚਾਰੀ, ਮੁਲਾਜ਼ਮ ਅਤੇ ਸ਼ਹਿਰ ਨਿਵਾਸੀ ਪਹੁੰਚੇ ਹੋਏ ਸਨ ਪਰ ਸਭ ਬੇਵੱਸ ਸਨ ਕਿਉਂਕਿ ਦੁਕਾਨ ਦੋ ਮੰਜ਼ਿਲਾ ਹੋਣ ਦੇ ਕਾਰਨ ਕਿਸੇ ਪਾਸਿਓਂ ਅੱਗ ਨੂੰ ਬੁਝਾਇਆ ਨਹੀਂ ਜਾ ਸਕਦਾ ਸੀ। ਕਰੀਬ ਇੱਕ ਘੰਟੇ ਬਾਅਦ ਸੁਨਾਮ ਅਤੇ ਮੂਨਕ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੱਡੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਤਾਂ ਕਾਬੂ ਪਾ ਲਿਆ ਪਰ ਉਦੋਂ ਤੱਕ ਦੁਕਾਨਦਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਖੁਸ਼ਕਿਸਮਤੀ ਇਹ ਰਹੀ ਕਿ ਆਸੇ-ਪਾਸੇ ਦੀਆਂ ਦੁਕਾਨਾਂ ਦੇ ਅੱਗ ਵਿੱਚ ਲਪੇਟ ਵਿੱਚ ਆਉਣ ਤੋਂ ਬਚਾਅ ਹੋ ਗਿਆ।
ਲੋਕਾਂ ਵੱਲੋਂ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਮੰਗ
ਮੌਕੇ ’ਤੇ ਇਕੱਠੇ ਹੋਏ ਸ਼ਹਿਰ ਨਿਵਾਸੀਆਂ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਦਿਖਾਈ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਵਿੱਚ ਸ਼ਹਿਰ ਅੰਦਰ ਅੱਗ ਲੱਗਣ ਦੀਆਂ ਕਈ ਘਟਨਾਵਾਂ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਸਟੇਸ਼ਨ ਕਾਇਮ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਅੱਜ ਦੀ ਘਟਨਾ ਬਾਰੇ ਕਿਹਾ ਕਿ ਜੇ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਗੱਡੀ ਹੁੰਦੀ ਤਾਂ ਇੰਨਾ ਭਾਰੀ ਨੁਕਸਾਨ ਨਾ ਹੁੰਦਾ, ਕਿਉਂਕਿ ਜਦੋਂ ਤੱਕ ਮੂਨਕ ਅਤੇ ਸਨਾਮ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਉਦੋਂ ਤੱਕ ਸਭ ਸੜ ਕੇ ਸਵਾਹ ਹੋ ਚੁੱਕਿਆ ਸੀ।
ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਗੱਡੀ ਭੇਜੀ ਜਾਵੇ। ਦੁਕਾਨਦਾਰਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਅਜਿਹੀਆਂ ਅਣਸਖਾਵੀਆਂ ਘਟਨਾਵਾਂ ਦੌਰਾਨ ਦੁਕਾਨਦਾਰ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਦੇਣ ਸਬੰਧੀ ਸਰਕਾਰ ਕੋਈ ਠੋਸ ਨੀਤੀ ਬਣਾ ਕੇ ਦੁਕਾਨਦਾਰਾਂ ਨੂੰ ਰਾਹਤ ਦੇਵੇ।