Punjab News: ਪੰਜਾਬ-ਹਰਿਆਣਾ ਵਿੱਚ ਕਿਸਾਨ ਮਹਾਪੰਚਾਇਤਾਂ ਅੱਜ
* ਅਗਵਾਈ ਵੱਖ-ਵੱਖ ਕਿਸਾਨ ਧਿਰਾਂ ਦੇ ਹੱਥ ਪਰ ਏਜੰਡਾ ਇਕ
ਚਰਨਜੀਤ ਭੁੱਲਰ
ਚੰਡੀਗੜ੍ਹ, 3 ਜਨਵਰੀ
ਪੰਜਾਬ ਤੇ ਹਰਿਆਣਾ ਦੇ ਕਿਸਾਨ ਭਲਕੇ ਸ਼ਨਿਚਰਵਾਰ ਨੂੰ ਮੁੜ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ ਤਾਂ ਜੋ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ। ਪੰਜਾਬ ਤੇ ਹਰਿਆਣਾ ਵਿੱਚ ਭਲਕੇ ਇੱਕੋ ਵੇਲੇ ਕਿਸਾਨ ਮਹਾਪੰਚਾਇਤਾਂ ਹੋਣਗੀਆਂ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਖਨੌਰੀ ਬਾਰਡਰ ’ਤੇ ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਟੋਹਾਣਾ ਵਿੱਚ ਕਿਸਾਨ ਮਹਾਪੰਚਾਇਤ ਕਰਨੀ ਹੈ। ਬੇਸ਼ੱਕ ਦੋਹਾਂ ਮਹਾਪੰਚਾਇਤਾਂ ਦੀ ਅਗਵਾਈ ਵੱਖ ਵੱਖ ਕਿਸਾਨ ਧਿਰਾਂ ਦੇ ਹੱਥ ਹੈ ਪ੍ਰੰਤੂ ਦੋਹਾਂ ਦਾ ਏਜੰਡਾ ਤੇ ਨਿਸ਼ਾਨਾ ਇੱਕ ਹੈ।
ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ 39ਵੇਂ ਦਿਨ ਵੀ ਜਾਰੀ ਰਿਹਾ ਅਤੇ ਡੱਲੇਵਾਲ ਦੀ ਇੱਛਾ ਕਿਸਾਨਾਂ ਦੇ ਦਰਸ਼ਨ ਕਰਨ ਦੀ ਹੈ। ਭਲਕੇ ਖਨੌਰੀ ਬਾਰਡਰ ’ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀ ਸਟੇਜ ’ਤੇ ਡੱਲੇਵਾਲ ਵੀ ਆਉਣਗੇ। ਸੁਪਰੀਮ ਕੋਰਟ ਵਿੱਚ ਡੱਲੇਵਾਲ ਦੇ ਮਰਨ ਵਰਤ ਬਾਰੇ 6 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ। ਖਨੌਰੀ ਬਾਰਡਰ ’ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਦੂਸਰੇ ਸੂਬਿਆਂ ਤੋਂ ਵੀ ਕਿਸਾਨ ਆਗੂ ਪੁੱਜ ਗਏ ਹਨ।
ਐੱਸਕੇਐੱਮ (ਗੈਰ ਸਿਆਸੀ) ਦੇ ਆਗੂਆਂ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਧੁੰਦ ਅਤੇ ਠੰਢਾ ਮੌਸਮ ਹੋਣ ਕਰ ਕੇ ਕਿਸਾਨਾਂ ਲਈ ਇਹ ਪ੍ਰੀਖਿਆ ਵੀ ਹੈ। ਕਿਸਾਨਾਂ ਦੇ ਖੇਤੀ ਰੁਝੇਵੇਂ ਵੀ ਇਨ੍ਹਾਂ ਦਿਨਾਂ ਵਿੱਚ ਘੱਟ ਹੁੰਦੇ ਹਨ, ਜਿਸ ਕਰ ਕੇ ਦੋਵੇਂ ਸੂਬਿਆਂ ਦੇ ਕਿਸਾਨਾਂ ਦੇ ਇਨ੍ਹਾਂ ਇਕੱਠਾਂ ਵਿੱਚ ਪੁੱਜਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕਿਸਾਨਾਂ ਨੂੰ ਗੱਲਬਾਤ ਦਾ ਹਾਲੇ ਤੱਕ ਕੋਈ ਸੱਦਾ ਪੱਤਰ ਨਹੀਂ ਭੇਜਿਆ ਹੈ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਪਹਿਲਾਂ ਭਲਕੇ ਦੋ ਸੂਬਿਆਂ ਵਿੱਚ ਹੋਣ ਵਾਲੀਆਂ ਕਿਸਾਨ ਮਹਾਪੰਚਾਇਤਾਂ ਨੂੰ ਮਿਲਣ ਵਾਲੇ ਹੁੰਗਾਰੇ ਨੂੰ ਦੇਖਣਾ ਚਾਹੁੰਦੀ ਹੈ।
ਕਿਸਾਨ ਧਿਰਾਂ ਵਿਚਾਲੇ ਏਕੇ ਦਾ ਮਾਹੌਲ ਬਣਨ ਲੱਗਾ
ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਖੇਤੀ ਮੰਡੀ ਨੀਤੀ ਦੇ ਭੇਜੇ ਖਰੜੇ ਨੇ ਕਿਸਾਨ ਆਗੂਆਂ ਤੇ ਜਥੇਬੰਦੀਆਂ ਨੂੰ ਇਕਸੁਰ ਹੋਣ ਦਾ ਆਧਾਰ ਦੇ ਦਿੱਤਾ ਹੈ। ਕਿਸਾਨੀ ਏਕਤਾ ਦੇ ਨਵੇਂ ਸੰਕੇਤ ਉੱਭਰਨ ਲੱਗੇ ਹਨ ਅਤੇ ਸਾਰੀਆਂ ਧਿਰਾਂ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਦੀ ਥਾਂ ਹੁਣ ਨੇੜੇ ਆਉਣ ਨੂੰ ਤਰਜੀਹ ਦੇਣ ਲੱਗੀਆਂ ਹਨ। ਲੁਧਿਆਣਾ ਦੇ ਈਸੜੂ ਭਵਨ ਵਿੱਚ ਅੱਜ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੀ ਇਕ ਮੀਟਿੰਗ ਵੀ ਹੋਈ ਹੈ। ਇਸ ਤਰ੍ਹਾਂ ਭਵਿੱਖ ਵਿੱਚ ਕਿਸਾਨ ਆਗੂਆਂ ਦੇ ਇਕਸੁਰ ਹੋਣ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਪਿਛਲੇ ਦੋ ਦਿਨਾਂ ਤੋਂ ਪ੍ਰਮੁੱਖ ਕਿਸਾਨ ਆਗੂਆਂ ਨੇ ਇੱਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਅਤੇ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕੀਤਾ ਹੈ, ਉਸ ਤੋਂ ਇੰਝ ਜਾਪਦਾ ਹੈ ਕਿ ਉਨ੍ਹਾਂ ਨੇ ਇਹ ਭਾਂਪ ਲਿਆ ਹੈ ਕਿ ਏਕਤਾ ਬਿਨਾ ਗੁਜ਼ਾਰਾ ਨਹੀਂ ਹੈ। ਬੇਸ਼ੱਕ ਕਿਸਾਨ ਧਿਰਾਂ ਵਿਚਾਲੇ ਏਕਾ ਐਨਾ ਸੌਖਾ ਨਹੀਂ ਹੈ ਪਰ ਏਕੇ ਲਈ ਸੁਖਾਵਾਂ ਮਾਹੌਲ ਜ਼ਰੂਰ ਬਣਨ ਲੱਗਾ ਹੈ, ਜੋ ਕਿ ਕੇਂਦਰ ਸਰਕਾਰ ਲਈ ਕਿਸੇ ਹਲੂਣੇ ਤੋਂ ਘੱਟ ਨਹੀਂ ਹੋਵੇਗਾ।
ਮੈਡੀਕਲ ਬੋਰਡ ਨੇ ਡੱਲੇਵਾਲ ਦੇ ਖੂਨ ਦੇ ਨਮੂਨੇ ਲਏ
ਪਟਿਆਲਾ /ਪਾਤੜਾਂ, (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ):
ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਦੀ ਅਗਵਾਈ ਹੇਠ ਬਣਾਏ ਗਏ ਉੱਚ ਪੱਧਰੀ ਮੈਡੀਕਲ ਬੋਰਡ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਅੱਜ ਢਾਬੀਗੁੱਜਰਾਂ ਬਾਰਡਰ ’ਤੇ ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁੜ ਤੋਂ ਮੁਲਾਕਾਤ ਕੀਤੀ। ਡੱਲੇਵਾਲ ਦਾ ਮਰਨ ਵਰਤ ਅੱਜ 39ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਬੋਰਡ ਵਿੱਚ ਸ਼ਾਮਲ ਡਾਕਟਰਾਂ ਨੇ ਕਿਸਾਨ ਆਗੂ ਦੀ ਸਿਹਤ ਜਾਂਚ ਮਗਰੋਂ ਉਨ੍ਹਾਂ ਦੇ ਖੂਨ ਦੇ ਨਮੂਨੇ ਲਏ ਪਰ ਬੋਰਡ ਦੇ ਮੈਂਬਰ ਐਤਕੀ ਵੀ ਡੱਲੇਵਾਲ ਨੂੰ ਇਲਾਜ ਲਈ ਮਨਾਉਣ ਵਿੱਚ ਅਸਫਲ ਰਹੇ। ਇਸ ਦੌਰਾਨ ਡੱਲੇਵਾਲ ਦੀ ਈਸੀਜੀ ਵੀ ਕੀਤੀ ਗਈ। ਇੱਕ ਸਵਾਲ ਦੇ ਜਵਾਬ ’ਚ ਇੱਕ ਸੀਨੀਅਰ ਡਾਕਟਰ ਨੇ ਕਿਹਾ ਕਿ ਇਨ੍ਹਾਂ ਨਮੂਨਿਆਂ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਡੱਲੇਵਾਲ ਦੇ ਇਲਾਜ ਬਾਰੇ ਕੋਈ ਫੈਸਲਾ ਲਿਆ ਜਾਵੇਗਾ। ਇਸ ਉੱਚ ਪੱਧਰੀ ਮੈਡੀਕਲ ਬੋਰਡ ਵਿੱਚ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਤੋਂ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਦੀ ਮੁਲਾਕਾਤ ਦੌਰਾਨ ਬੋਰਡ ਦੇ ਮੈਂਬਰਾਂ ਤੋਂ ਇਲਾਵਾ ਸੇਵਾਮੁਕਤ ਸੀਨੀਅਰ ਪੁਲੀਸ ਅਧਿਕਾਰੀ ਨਰਿੰਦਰ ਭਾਰਗਵ, ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ, ਏਡੀਸੀ ਇਸ਼ਾ ਸਿੰਘਲ ਅਤੇ ਪਾਤੜਾਂ ਦੇ ਐੱਸਡੀਐੱਮ ਅਸ਼ੋਕ ਕੁਮਾਰ ਵੀ ਮੌਜੂਦ ਸਨ। ਉੱਚ ਪੱਧਰੀ ਮੈਡੀਕਲ ਮਾਹਿਰਾਂ ਦੀ ਟੀਮ ਨੇ ਕਿਸਾਨ ਆਗੂ ਨੂੰ ਕਿਹਾ ਕਿ ਉਨ੍ਹਾਂ ਦੀ ਹਾਲਤ ਕਾਫੀ ਵਿਗੜ ਚੁੱਕੀ ਹੈ ਜਿਸ ਕਰ ਕੇ ਉਨ੍ਹਾਂ ਨੂੰ ਤੁਰੰਤ ਢੁੱਕਵਾਂ ਇਲਾਜ ਕਰਵਾਉਣ ਦੀ ਲੋੜ ਹੈ ਪਰ ਡੱਲੇਵਾਲ ਨੇ ਸਰਕਾਰ ਵੱਲੋਂ ਭੇਜੀ ਗਈ ਇਸ ਟੀਮ ਦੀ ਪੇਸ਼ਕਸ਼ ਮੁੜ ਠੁਕਰਾ ਦਿੱਤੀ।
ਉੱਧਰ, ਡਾਕਟਰਾਂ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਦੇ ਹਵਾਲੇ ਨਾਲ ਕਿਸਾਨ ਆਗੂਆਂ ਨੇ ਕਿਹਾ ਕਿ ਡੱਲੇਵਾਲ ਜਦੋਂ ਵੀ ਪੈਰਾਂ ’ਤੇ ਖੜ੍ਹ ਹੋਣ ਦੀ ਕੋਸ਼ਿਸ ਕਰਦੇ ਹਨ, ਉਦੋਂ ਹੀ ਬਲੱਡ ਪ੍ਰੈਸ਼ਰ ਕਾਫੀ ਘੱਟ ਜਾਂਦਾ ਹੈ, ਜਿਸ ਕਰਕੇ ਭਲਕੇ ਸਟੇਜ ’ਤੇ ਲਿਜਾਣ ਸਮੇਂ ਸਾਰੀਆਂ ਮੈਡੀਕਲ ਸਾਵਧਾਨੀਆਂ ਵਰਤੀਆਂ ਜਾਣਗੀਆਂ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਡੱਲੇਵਾਲ ਦੀ ਹਮਾਇਤ
ਲੁਧਿਆਣਾ (ਗਗਨਦੀਪ ਅਰੋੜਾ):
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਮੰਗਾਂ ਲਈ ਖਨੌਰੀ ਬਾਰਡਰ ’ਤੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰਦਿਆਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਨੂੰ ਹੁਕਮ ਜਾਰੀ ਕਰੇ। ਇੱਥੇ ਹੋਈ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੋਰਚੇ ਵੱਲੋਂ 4 ਜਨਵਰੀ ਨੂੰ ਟੋਹਾਣਾ ਅਤੇ 9 ਜਨਵਰੀ ਨੂੰ ਮੋਗਾ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ। ਲੁਧਿਆਣਾ ਦੇ ਈਸੜੂ ਭਵਨ ਵਿੱਚ ਕਰੀਬ ਦੋ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜੋਗਿੰਦਰ ਸਿੰਘ ਉਗਰਾਹਾਂ, ਬਲਦੇਵ ਸਿੰਘ, ਹਰਵਿੰਦਰ ਸਿੰਘ ਲੱਖੋਵਾਲ ਅਤੇ ਹੋਰਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਪਸੀ ਮਤਭੇਦ ਹੋ ਸਕਦੇ ਹਨ ਪਰ ਕਿਸਾਨਾਂ ਦੇ ਮੁੱਦੇ ਇੱਕੋ ਹੀ ਹਨ ਅਤੇ ਉਨ੍ਹਾਂ ਦਾ ਵਿਰੋਧ ਵੀ ਸਾਂਝਾ ਹੀ ਹੈ। ਉਨ੍ਹਾਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ ਵੀ ਰੱਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਵੀ ਕਿਸਾਨਾਂ ਤੇ ਖੇਤੀ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਡੱਲੇਵਾਲ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦੇਣ ਤਾਂ ਜੋ ਕੇਂਦਰ ਸਰਕਾਰ ਕਿਸਾਨਾਂ ਦੀ ਸੁਣਵਾਈ ਕਰ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਸਿਆਸੀ ਪਾਰਟੀ ਅੱਗੇ ਨਹੀਂ ਆ ਰਹੀ ਹੈ। ਕਿਸਾਨ ਆਗੂਆਂ ਨੇ ਮੰਨਿਆ ਕਿ ਕੇਂਦਰ ਸਰਕਾਰ ਤੇ ਏਜੰਸੀਆਂ ਕਾਰਨ ਹੀ ਕਿਸਾਨ ਜਥੇਬੰਦੀਆਂ ਵਿੱਚ ਆਪਸੀ ਮਤਭੇਦ ਉਭਰੇ ਹਨ ਪਰ ਹੁਣ ਕਿਸਾਨ ਜਥੇਬੰਦੀਆਂ ’ਚ ਏਕੇ ਦੀ ਲੋੜ ਹੈ। ਰੁਲਦੂ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਵੱਲੋਂ ਨਹਿਰਾਂ ਪੱਕੀਆਂ ਕਰਨ ’ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਇਸ ਨਾਲ ਧਰਤੀ ਹੇਠ ਪਾਣੀ ਨਹੀਂ ਜਾਏਗਾ।