Punjab News : ਬੱਸ ਹਾਦਸੇ ’ਚ ਜ਼ਖ਼ਮੀ ਕਿਸਾਨ ਆਗੂ ਨੇ ਦਮ ਤੋੜਿਆ
Farmer Protest: ਹੰਢਿਆਇਆ ਕੋਲ 4 ਜਨਵਰੀ ਨੂੰ ਵਾਪਰਿਆ ਸੀ ਹਾਦਸਾ; ਟੋਹਾਣਾ ‘ਕਿਸਾਨ ਮਹਾ ਪੰਚਾਇਤ’ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ ਕਿਸਾਨ; ਹਾਦਸੇ ’ਚ ਮੌਤਾਂ ਦੀ ਗਿਣਤੀ ਵਧ ਕੇ ਚਾਰ ਹੋਈ
ਸ਼ਗਨ ਕਟਾਰੀਆ
ਬਠਿੰਡਾ, 14 ਜਨਵਰੀ
Punjab News: ਦਸ ਦਿਨ ਪਹਿਲਾਂ ਹੰਢਿਆਇਆ (ਬਰਨਾਲਾ) ਕੋਲ ਬੱਸ ਹਾਦਸੇ ’ਚ ਜ਼ਖ਼ਮੀ ਹੋਏ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਲੰਘੀ ਰਾਤ ਕਰੀਬ ਡੇਢ ਵਜੇ ਸਥਾਨਕ ਏਮਜ਼ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਹਾਦਸੇ ’ਚ ਫ਼ੌਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ।
ਗ਼ੌਰਤਲਬ ਹੈ ਕਿ 4 ਜਨਵਰੀ ਨੂੰ ਟੋਹਾਣਾ (ਹਰਿਆਣਾ) ਵਿਖੇ ‘ਕਿਸਾਨ ਮਹਾ ਪੰਚਾਇਤ’ ਵਿੱਚ ਸ਼ਾਮਿਲ ਹੋਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਦੀ ਪਿੰਡ ਕੋਠਾ ਗੁਰੂ (ਬਠਿੰਡਾ) ਤੋਂ ਚੱਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ ’ਚ ਪਿੰਡ ਕੋਠਾ ਗੁਰੂ ਦੀਆਂ ਤਿੰਨ ਔਰਤਾਂ ਸਰਬਜੀਤ ਕੌਰ, ਜਸਵੀਰ ਕੌਰ ਅਤੇ ਬਲਵੀਰ ਕੌਰ ਦੀ ਮੌਤ ਹੋ ਗਈ ਸੀ।
ਇਸੇ ਬੱਸ ’ਚ ਸਵਾਰ ਬਸੰਤ ਸਿੰਘ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟ ਗਏ ਸਨ ਅਤੇ ਉਹ ਏਮਜ਼ ’ਚ ਇਲਾਜ ਅਧੀਨ ਸੀ।ਹਾਦਸੇ ਦੇ ਜ਼ਖ਼ਮੀਆਂ ’ਚੋਂ ਕਿਸਾਨ ਕਰਮ ਸਿੰਘ ਦੀ ਹਾਲਤ ਵੀ ਗੰਭੀਰ ਹੋਣ ਕਰਕੇ ਉਸ ਦਾ ਇਲਾਜ ਏਮਜ਼ ਬਠਿੰਡਾ ਵਿੱਚ ਚੱਲ ਰਿਹਾ ਹੈ।
ਬਸੰਤ ਸਿੰਘ ਕੋਠਾ ਗੁਰੂ ਯੂਨੀਅਨ ਵਿੱਚ ਲੰਮੇ ਸਮੇਂ ਤੋਂ ਆਗੂ ਵਜੋਂ ਮੋਹਰੀ ਸਫ਼ਾਂ ਵਿੱਚ ਕੰਮ ਕਰ ਰਹੇ ਸਨ। ਹੁਣ ਵੀ ਉਹ ਜ਼ਿਲ੍ਹੇ ਦੇ ਮੀਤ ਪ੍ਰਧਾਨ ਸਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਬਸੰਤ ਸਿੰਘ ਦੇ ਦੇਹਾਂਤ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਉਸ ਵੱਲੋਂ ਛੱਡੇ ਅਧੂਰੇ ਕੰਮਾਂ ਨੂੰ ਜਥੇਬੰਦੀ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰੇਗੀ।