Punjab News: ਖਨੌਰੀ ਮੋਰਚੇ ’ਚ ਅੱਗ ਦੇ ਭਬੂਕੇ ਨਾਲ ਕਿਸਾਨ ਜ਼ਖ਼ਮੀ, ਪਟਿਆਲਾ ਦੇ ਹਸਪਤਾਲ ’ਚ ਜ਼ੇਰੇ-ਇਲਾਜ
Farmer Protest: ਢਾਬੀ ਗੁਜਰਾਂ/ਖਨੌਰੀ ਮੋਰਚੇ ਵਿਚ ਲੰਗਰ ਵਾਸਤੇ ਪਾਣੀ ਗਰਮ ਕਰਨ ਲਈ ਦੇਸੀ ਗੀਜ਼ਰ ਬਾਲ਼ਦੇ ਸਮੇਂ ਵਾਪਰਿਆ ਹਾਦਸਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਜਨਵਰੀ
Punjab News: ਢਾਬੀ ਗੁੱਜਰਾਂ/ਖਨੌਰੀ ਬਾਰਡਰ ਅੱਜ ਸਵੇਰੇ ਜਦੋਂ ਇੱਕ ਕਿਸਾਨ ਦੇਸੀ ਗੀਜ਼ਰ ਰਾਹੀਂ ਪਾਣੀ ਗਰਮ ਕਰਨ ਲੱਗਿਆ ਤਾਂ ਅਚਾਨਕ ਅੱਗ ਦਾ ਭਬੂਕਾ ਪੈਣ ਕਾਰਨ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਇਸ ਕਾਰਨ ਗੁਰਦਿਆਲ ਸਿੰਘ ਵਾਸੀ ਸਮਾਣਾ ਦੀਆਂ ਬਾਹਾਂ ਅਤੇ ਲੱਤਾਂ ਝੁਲਸ ਗਈਆਂ ਹਨ।
ਉੱਥੇ ਬੈਠੇ ਕਿਸਾਨਾਂ ਨੇ ਫ਼ੌਰੀ ਅੱਗ ਬੁਝਾਈ ਤੇ ਕਿਸਾਨ ਨੂੰ ਇਲਾਜ ਲਈ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਹੈ।
ਡਾਕਟਰਾਂ ਦੇ ਦੱਸਣਾ ਅਨੁਸਾਰ ਗੁਰਦਿਆਲ ਸਿੰਘ ਦੀਆਂ ਬਾਹਾਂ ਅਤੇ ਲੱਤਾਂ ਅੱਗ ਨਾਲ ਝੁਲਸ ਗਈਆਂ ਹਨ ਪਰ ਛਾਤੀ ਤੇ ਸਿਰ ਨੂੰ ਸੇਕ ਨਹੀਂ ਲੱਗਿਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ, ਪਰ ਝੁਲਸਣ ਦੇ ਜ਼ਖ਼ਮਾਂ ਕਾਰਨ ਉਸ ਦਾ ਪਟਿਆਲਾ ਦੇ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਬਾਰਡਰ ’ਤੇ ਕਿਸਾਨਾਂ ਨੇ ਦੱਸਿਆ ਕਿ ਗੁਰਦਿਆਲ ਸਿੰਘ ਕਾਫੀ ਦਿਨਾਂ ਤੋਂ ਬਾਰਡਰ 'ਤੇ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ (Farmer Protest) ਲਈ ਲੰਗਰ ਚਲਾ ਰਿਹਾ ਸੀ। ਸਵੇਰ ਵੇਲੇ ਜਦੋਂ ਉਸ ਨੇ ਪਾਣੀ ਗਰਮ ਕਰਨ ਲਈ ਦੇਸੀ ਗੀਜ਼ਰ ਬਾਲਿਆ ਉਸ ’ਚੋਂ ਉੱਠੇ ਅੱਗ ਦੇ ਭਬੂਕੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।