Punjab News: ਈਡੀ ਵੱਲੋਂ ਕਾਰੋਬਾਰੀ ਦੇ ਘਰ ’ਤੇ ਛਾਪਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਮਈ
ਸ਼ਹਿਰ ਦੇ ਇੱਕ ਕਾਰੋਬਾਰੀ ’ਤੇ ਈਡੀ ਵੱਲੋਂ ਛਾਪਾ ਮਾਰਿਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਤੇ ਬਾਹਰੋਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ। ਸਵੇਰੇ 11 ਵਜੇ ਆਈ ਟੀਮ ਸ਼ਾਮ ਨੂੰ 6 ਵਜੇ ਵੀ ਘਰ ਵਿੱਚ ਮੌਜੂਦ ਸੀ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਕੋਈ ਇਸ ਨੂੰ ਈਡੀ ਅਤੇ ਕੋਈ ਇਸ ਨੂੰ ਇਨਕਮ ਟੈਕਸ ਵਿਭਾਗ ਦੀ ਟੀਮ ਦੱਸ ਰਿਹਾ ਸੀ।
ਜਾਣਕਾਰੀ ਅਨੁਸਾਰ ਪਾਤੜਾਂ ਦੇ ਮਾਡਲ ਟਾਊਨ ਵਿੱਚ ਇੱਕ ਕਾਰੋਬਾਰੀ ਦੇ ਘਰ ਵਿੱਚ 11 ਵਜੇ ਤਿੰਨ ਪ੍ਰਾਈਵੇਟ ਪੰਜਾਬ ਨੰਬਰ ਦੀਆਂ ਗੱਡੀਆਂ ਵਿੱਚ ਸੱਤ ਅਫਸਰਾਂ ਨੇ ਚਾਰ ਸੁਰੱਖਿਆ ਗਾਰਡਾਂ ਸਣੇ ਦਸਤਕ ਦਿੱਤੀ। ਜਾਂਚ ਕਰਨ ਆਈ ਟੀਮ ਨੇ ਕਾਰੋਬਾਰੀ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਨਹੀ ਨਿਕਲਣ ਦਿੱਤਾ ਨਾ ਹੀ ਕਿਸੇ ਨੂੰ ਘਰ ਆਉਣ ਦਿੱਤਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਪਾਰੀ ਦੇ ਘਰ ਈ.ਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਉਸ ਖਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਕਾਰਾਂ ਦੀਆਂ ਜਾਅਲੀ ਐਨਓਸੀ ਨੂੰ ਲੈ ਕੇ ਉਨ੍ਹਾਂ ’ਤੇ ਪੰਜਾਬ ਦੇ ਨੰਬਰ ਲਾ ਕੇ ਅੱਗੇ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਨਵਾਂ ਸ਼ਹਿਰ ਦੇ ਨੇੜੇ ਵਪਾਰੀ ਚਲਾਏ ਜਾ ਰਹੇ ਸੇਲਾ ਪਲਾਂਟ ਵਿੱਚ ਘਪਲੇ ਦਾ ਕੇਸ ਦਰਜ ਕੀਤਾ ਹੋਇਆ ਹੈ। ਜਾਂਚ ਕਰਨ ਆਈ ਟੀਮ ਦੇ ਅਧਿਕਾਰੀਆਂ ਨੇ ਭਾਵੇਂ ਕੋਈ ਜਾਣਕਾਰੀ ਨਹੀਂ ਦਿਤੀ ਪਰ ਲੋਕਾਂ ਵਿੱਚ ਚਰਚਾ ਹੈ ਕਿ ਉਕਤ ਪਲਾਂਟ ਵਿਚ ਕੋਈ ਵੱਡਾ ਘਪਲਾ ਕੀਤਾ ਗਿਆ ਹੈ। ਪਾਤੜਾਂ ਦੇ ਕੁਝ ਵਪਾਰੀਆਂ ਨੇ ਦੱਸਿਆ ਹੈ ਕਿ ਕਾਰੋਬਾਰੀ ਨੂੰ ਵਪਾਰ ਵਿੱਚ ਘਾਟਾ ਪਿਆ ਹੈ। ਖ਼ਬਰ ਲਿਖੇ ਜਾਣ ਤੱਕ ਜਾਂਚ ਕਰਨ ਆਏ ਅਧਿਕਾਰੀ ਵਪਾਰੀ ਦੇ ਘਰ ਹੀ ਮੌਜੂਦ ਸਨ।