Punjab News: ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਸਹੁਰੇ ਘਰ ਕਰਵਾਈ ਚੋਰੀ, ਦੋਵੇਂ ਮੁਲਜ਼ਮ ਗ੍ਰਿਫਤਾਰ
ਕਰੀਬ ਸਾਢੇ 14 ਤੋਲੇ ਸੋਨਾ, 43 ਤੋਲੇ ਚਾਂਦੀ ਦੇ ਗਹਿਣੇ, ਇਕ ਮੋਬਾਈਲ ਅਤੇ 70 ਹਜ਼ਾਰ ਨਗਦੀ ਕੀਤੀ ਸੀ ਚੋਰੀ
ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਜੂਨ
ਪੁਲੀਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾ.ਜੋਤੀ ਯਾਦਵ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਕੁਲਾੜ (ਲੁਧਿਆਣਾ) ਨੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਕਿ 3 ਜੂਨ ਦੀ ਰਾਤ ਨੂੰ ਕਿਸੇ ਨਾ-ਮਾਲੂਮ ਵਿਅਕਤੀ ਉਨ੍ਹਾਂ ਦੇ ਘਰ ਦੇ ਸਟੋਰ ਵਿਚ ਪਈਆਂ ਪੇਟੀਆਂ ਦੇ ਤਾਲੇ ਤੋੜ ਕੇ ਕਰੀਬ ਸਾਢੇ 14 ਤੋਲੇ ਸੋਨੇ, 43 ਤੋਲੇ ਚਾਂਦੀ ਦੇ ਗਹਿਣੇ, ਐਪਲ ਕੰਪਨੀ ਦਾ ਫੋਨ ਅਤੇ 1 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ ਹੈ। ਇਸ ’ਤੇ ਪੁਲੀਸ ਪਾਰਟੀ ਨੇ ਹੇਮੰਤ ਕੁਮਾਰ ਦੀ ਅਗਵਾਈ ਹੇਠਾਂ ਮਾਮਲੇ ਦੀ ਜਾਂਚ ਅਰੰਭੀ।
ਇਸ ਦੌਰਾਨ ਪੁਲੀਸ ਵੱਲੋਂ ਪਰਿਵਾਰਕ ਮੈਬਰਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਚੋਰੀ ਦਿਲਰਾਜ ਸਿੰਘ ਉਰਫ਼ ਭੋਲੂ ਵਾਸੀ ਪਿੰਡ ਪੀਰ ਸੋਹਾਣਾ (ਮੁਹਾਲੀ) ਨੇ ਬਲਵਿੰਦਰ ਸਿੰਘ ਦੀ ਨੂੰਹ ਕਮਲਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਕੁਲਾੜ ਨਾਲ ਮਿਲੀਭੁਗਤ ਕਰ ਕੇ ਕੀਤੀ ਹੈ। ਕਮਲਜੀਤ ਕੌਰ ਅਕਸਰ ਦਿਲਰਾਜ ਸਿੰਘ ਨਾਲ ਗੱਲ ਕਰਦੀ ਸੀ।
ਇਸ ’ਤੇ ਪੁਲੀਸ ਨੇ ਦੋਵਾਂ ਨੂੰ ਉਕਤ ਸਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ। ਐਸਐਸਪੀ ਅਨੁਸਾਰ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦਿਲਰਾਜ ਸਿੰਘ ਨੂੰ ਪੇਟੀਆਂ ਦੇ ਤਾਲੇ ਦੀਆਂ ਚਾਬੀਆਂ ਉਨ੍ਹਾਂ ਦੀ ਨੂੰਹ ਕਮਲਜੀਤ ਕੌਰ ਨੇ ਦਿੱਤੀਆਂ ਸਨ।