Farmer Protest: ਡੱਲੇਵਾਲ ਦੀ ਭੈਣ ਨੇ ਕਿਸਾਨੀ ਸੰਘਰਸ਼ ਵਿਚ ਡਟਣ ਲਈ ਪ੍ਰੇਰਿਆ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਦਸੰਬਰ
Farmer Protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਉਨ੍ਹਾਂ ਦੀ ਵੱਡੀ ਭੈਣ ਸੁਖਦੇਵ ਕੌਰ ਨੇ ਅੱਜ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਸ ਦਾ ਭਰਾ ਕਿਸਾਨਾਂ ਦੀਆਂ ਮੰਗਾਂ ਲਈ ਲੜਾਈ ਤਾਂ ਪਹਿਲਾਂ ਹੀ ਲੜ ਰਿਹਾ ਸੀ ਪਰ ਕਿਸਾਨ ਅੰਦੋਲਨ ਦੌਰਾਨ ਮਰਨ ਵਰਤ ’ਤੇ ਬੈਠਣ ਦਾ ਪਤਾ ਲੱਗਿਆ ਉਨ੍ਹਾਂ ਨੂੰ ਉਦੋਂ ਲੱਗਿਆ ਜਦੋਂ ਪੁਲੀਸ ਉਨ੍ਹਾਂ ਨੂੰ ਚੁੱਕ ਲੈ ਗਈ।
ਉਨ੍ਹਾਂ ਕਿਹਾ ਇਹ ਸੁਣ ਕੇ ਦੁੱਖ ਲੱਗਿਆ ਕਿ ਕਿਸਾਨੀ ਮੰਗਾਂ ਲਈ ਉਨ੍ਹਾਂ ਮਰਨ ਵਰਤ ’ਤੇ ਬੈਠਣਾ ਸੀ ਤਾਂ ਸਰਕਾਰ ਨੂੰ ਕੀ ਹਰਜ਼ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪ੍ਰਸ਼ਾਸਨ ਕਹਿੰਦਾ ਸੀ ਕਿ ਡੱਲੇਵਾਲ ਦੀ ਸਿਹਤ ਦਾ ਚੈੱਕ ਅਪ ਕਰਾਉਣ ਲਈ ਚੁੱਕਿਆ ਗਿਆ ਹੈ। ਜੇ ਡੱਲੇਵਾਲ ਕੈਂਸਰ ਦੀ ਦਵਾਈ ਨਹੀਂ ਲੈ ਰਹੇ ਤਾਂ ਉਨ੍ਹਾਂ ਨੂੰ ਦਵਾਈ ਲੈਣੀ ਵੀ ਨਹੀਂ ਚਾਹੀਦੀ।
ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਰੋਕਣ ਲਈ ਨਹੀਂ ਆਏ ਬਸ ਮਿਲਣ ਆਈ ਹੈ। ਡੱਲੇਵਾਲ ਨੂੰ ਪਤਾ ਕਿ ਕਿਵੇਂ ਕਿਸਾਨੀ ਹੱਕਾਂ ਦੀ ਲੜਾਈ ਲੜਨੀ ਹੈ, ਉਹ ਆਪਣੇ ਢੰਗ ਨਾਲ ਲੜਾਈ ਲੜ ਰਹੇ ਹਨ ਉਨ੍ਹਾਂ ਨੂੰ ਕੋਈ ਗ਼ਿਲਾ ਸ਼ਿਕਵਾ ਨਹੀਂ। ਇਥੇ ਜ਼ਿਕਰਯੋਗ ਹੈ ਕਿ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਿਆਂ ਅੱਜ ਨੌਂ ਦਿਨ ਹੋ ਗਏ ਹਨ ਪਰ ਉਨ੍ਹਾਂ ਦਾ ਹੌਸਲਾ ਅਜੇ ਵੀ ਬੁਲੰਦ ਹੈ।