Punjab news ਮੁੱਖ ਮੰਤਰੀ ਨੇ ਮਿਲਕਫੈੱਡ ਦੇ ਨਵੇਂ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਅਪਰੈਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਦਾ ਵਿਸਤਾਰ ਕਰਨ ਲਈ 135 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਨਾਲ ਲੱਸੀ, ਦਹੀਂ ਅਤੇ ਵੱਖ-ਵੱਖ ਸੁਆਦ ਵਾਲੇ ਦੁੱਧ ਸਮੇਤ ਹੋਰ ਉਤਪਾਦ ਤਿਆਰ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।
ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮਗਰੋਂ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਵੱਲੋਂ ਹੁਣ ਈ-ਕਾਮਰਸ ਪਲੇਟਫਾਰਮ ਜ਼ਰੀਏ ਵੀ ਆਪਣੇ ਉਤਪਾਦ ਵੇਚਣ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਦੁਨੀਆ ਭਰ ਵਿੱਚ ਬੈਠੇ ਲੋਕ ਆਨਲਾਈਨ ਖਰੀਦਦਾਰੀ ਰਾਹੀਂ ਮਿਆਰੀ ਉਤਪਾਦਾਂ ਦਾ ਸੁਆਦ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਉੱਘੇ ਖਿਡਾਰੀਆਂ ਨੂੰ ਵੇਰਕਾ ਦੇ ਬ੍ਰਾਂਡ ਅੰਬੈਸਡਰ ਵਜੋਂ ਨਾਲ ਜੋੜੇਗੀ ਤਾਂ ਜੋ ਦੁਨੀਆ ਭਰ ਵਿੱਚ ਵੇਰਕਾ ਦੇ ਉਤਪਾਦ ਪਹੁੰਚਾਏ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਨੇ ਵਧੀਆ ਦੁੱਧ, ਦਹੀਂ, ਲੱਸੀ ਅਤੇ ਹੋਰ ਉਤਪਾਦ ਪੈਦਾ ਕਰਕੇ ਦੇਸ਼ ਵਿੱਚ ‘ਚਿੱਟੀ ਕ੍ਰਾਂਤੀ’ ਦੀ ਅਗਵਾਈ ਕੀਤੀ ਹੈ ਅਤੇ ਸਹੀ ਮਾਅਨਿਆਂ ਵਿੱਚ ਸੂਬੇ ਦਾ ਇਹੀ ਵਿਕਾਸ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ਼ ਮਿਲਕਫੈੱਡ ਦੀ ਉਤਪਾਦਨ ਸਮਰੱਥਾ ਨੂੰ ਵਧਾਏਗਾ ਸਗੋਂ ਖੇਤਰ ਵਿੱਚ ਡੇਅਰੀ ਉਦਯੋਗ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਵੇਗਾ ਅਤੇ ਮਿਲਕ ਯੂਨੀਅਨ ਅੰਮ੍ਰਿਤਸਰ ਨਾਲ ਜੁੜੇ ਡੇਅਰੀ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮੁਲਾਜ਼ਮਾਂ ਲਈ ਨਵੇਂ ਸੇਵਾ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ, ਜੋ ਕਿ ਮਿਲਕਫੈੱਡ ਮੁਲਾਜ਼ਮਾਂ ਲਈ ਮੀਲ ਪੱਥਰ ਸਾਬਤ ਹੋਵੇਗਾ। ਇਨ੍ਹਾਂ ਨਿਯਮਾਂ ਨਾਲ ਰੈਗੂਲਰ ਮੁਲਾਜ਼ਮਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਬਰਾਬਰ ਤਨਖਾਹ ਮਿਲਿਆ ਕਰੇਗੀ। ਇਸ ਤੋਂ ਇਲਾਵਾ ਚੰਗੀ ਕਾਰਗੁਜ਼ਾਰੀ ਲਈ ਮੁਲਾਜ਼ਮਾਂ ਨੂੰ ਉਤਸ਼ਾਹਤ ਕਰਨ ਲਈ ਕਾਰਗੁਜ਼ਾਰੀ ਅਧਾਰਿਤ ਰਿਆਇਤਾਂ ਵੀ ਮਿਲਣਗੀਆਂ। ਇਸ ਨਾਲ 1200 ਕਰਮਚਾਰੀਆਂ ਦੀ ਨਵੀਂ ਭਰਤੀ ਲਈ ਵੀ ਰਾਹ ਖੁੱਲ੍ਹੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਮਿਲਕਫੈੱਡ ਦਾ ਨਵਾਂ ਮੈਸਕਟ- 'ਵੀਰਾ' ਵੀ ਲਾਂਚ ਕੀਤਾ ਗਿਆ ਹੈ ਜੋ ਬ੍ਰਾਂਡ ਅੰਬੈਸਡਰ ਵਜੋਂ ਵਿਚਰੇਗਾ ਅਤੇ ਇਸ ਨਾਲ ਵੇਰਕਾ ਦੀ ਆਪਣੇ ਗਾਹਕਾਂ ਨਾਲ ਸਾਂਝ ਹੋਰ ਗੂੜੀ ਹੋਵੇਗੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵੇਰਕਾ ਨੂੰ ਵੱਧ ਤੋਂ ਵੱਧ ਦੁੱਧ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਇਹ ਸੰਸਥਾ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਦਰਾਂ ਦੀ ਪੇਸ਼ਕਸ਼ ਕਰਨ ਦੇ ਨਾਲ-ਨਾਲ ਆਪਣਾ ਕਾਰੋਬਾਰ ਵਧਾਉਣ ਦੇ ਯੋਗ ਹੋ ਸਕੇ।