Punjab News: ਬੱਸਾਂ ਦੀ ਹੜਤਾਲ ਖ਼ਤਮ, ਭਲਕ ਤੋਂ ਆਮ ਵਾਂਗ ਚੱਲਣਗੀਆਂ ਰੋਡਵੇਜ਼ ਦੀਆਂ ਲਾਰੀਆਂ
ਮੁੱਖ ਮੰਤਰੀ ਨਾਲ 15 ਨੂੰ ਮੀਟਿੰਗ ਦਾ ਸਮਾਂ ਮਿਲਣ ਪਿੱਛੋਂ ਯੂਨੀਅਨ ਨੇ ਵਾਪਸ ਲਈ ਹੜਤਾਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜਨਵਰੀ
Punjab News: ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਯੂਨੀਅਨ ਵੱਲੋਂ ਸੋਮਵਾਰ ਤੋਂ ਸ਼ੁਰੂ ਕੀਤੀ ਗਈ ਤਿੰਨ ਰੋਜ਼ਾ ਸੂਬਾਈ ਹੜਤਾਲ ਦੇ ਅੱਜ ਦੂਜੇ ਦਿਨ ਮੰਗਲਵਾਰ ਨੂੰ ਵੀ ਜਾਰੀ ਰਹੀ। ਇਸ ਦੌਰਾਨ ਮੁੱਖ ਮੰਤਰੀ ਵੱਲੋਂ 15 ਜਨਵਰੀ ਨੂੰ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਯੂਨੀਅਨ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ।
ਇਸ ਫ਼ੈਸਲੇ ਤਹਿਤ ਭਲਕੇ 8 ਜਨਵਰੀ ਤੋਂ ਬੱਸ ਸੇਵਾ ਆਮ ਵਾਂਗ ਚਾਲੂ ਹੋ ਜਾਵੇਗੀ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਗ਼ੌਰਤਲਬ ਹੈ ਕਿ ਹੜਤਾਲ ਕਾਰਨ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਹੜਤਾਲ ਖ਼ਤਮ ਹੋਣ ਦੀ ਜਾਣਕਾਰੀ ਯੂਨੀਅਨ ਦੇ ਤਰਜਮਾਨ ਹਰਕੇਸ਼ ਵਿਕੀ ਨੇ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੀਟਿੰਗ ਦਾ ਸਮਾਂ ਮਿਲਣ ਸਬੰਧੀ ਇਕ ਪੱਤਰ ਵੀ ਦਿਖਾਇਆ ਹੈ। ਦਫ਼ਤਰ ਮੁੱਖ ਮੰਤਰੀ, ਪੰਜਾਬ ਤੋਂ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੂੰ ਮੁਖ਼ਾਤਬ ਇਸ ਚਿੱਠੀ ਉਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਦੇ ਦਸਤਖ਼ਤ ਹਨ।
ਇਸ ਵਿਚ ਯੂਨੀਅਨ ਦੇ ਮੈਂਬਰਾਂ ਨੂੰ 15 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦਿੰਦਿਆਂ ਉਨ੍ਹਾਂ ਨੂੰ ਵੇਲੇ ਸਿਰ ਮੀਟਿੰਗ ਲਈ ਪੁੱਜਣ ਦੀ ਗੱਲ ਕਹੀ ਗਈ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਮੀਟਿੰਗ ਵਿਚ ਯੂਨੀਅਨ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।