Punjab News: ਟਰੱਕ ਨਾਲ ਟਕਰਾਉਣ ਕਾਰਨ ਬੱਸ ਪਲਟੀ, ਸੱਤ ਜ਼ਖਮੀ
ਇਕਬਾਲ ਸਿੰਘ ਸ਼ਾਂਤ/ਲਖਵਿੰਦਰ ਸਿੰਘ
ਲੰਬੀ/ਮਲੋਟ, 3 ਜਨਵਰੀ
ਹਾਲ ਹੀ ਦੇ ਦਿਨਾਂ ਵਿੱਚ ਸ਼ੁਰੂ ਹੋਈ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਹਾਦਸਿਆਂ ਨੂੰ ਵਧਾਵਾ ਦਿੱਤਾ ਹੈ। ਸ਼ੁੱਕਰਵਾਰ ਨੂੰ ਲੰਬੀ ਹਲਕੇ ਦੇ ਪਿੰਡ ਕਰਮਗੜ ਨੇੜੇ ਅਬੋਹਰ-ਮਲੋਟ ਰੋਡ ’ਤੇ ਓਰਬਿੱਟ ਕੰਪਨੀ ਦੀ ਬੱਸ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ ਅਤੇ ਖੇਤ ਵਿਚ ਜਾ ਪਲਟੀ। ਹਾਦਸੇ ਵਿੱਚ ਬੱਸ ਅਤੇ ਡਰਾਇਵਰ ਸਮੇਤ ਸੱਤ ਮੁਸਾਫਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਬੋਹਤਰ ਤੋਂ ਮਲੋਟ ਵੱਲ ਜਾ ਰਹੀ ਬੱਸਬ ਧੁੰਦ ਕਾਰਨ ਘੱਟ ਰਫ਼ਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜ਼ਖਮੀਆਂ ਦੀ ਪਛਾਣ ਬੱਸ ਡਰਾਈਵਰ ਛਿੰਦਾ ਸਿੰਘ, ਕੰਡਕਟਰ ਗੱਗੂ ਸਿੰਘ, ਮੁਸਾਫਿਰ ਰਾਜਿੰਦਰ ਧਮੀਜ਼ਾ ਵਾਸੀ ਗੰਗਾਨਗਰ, ਨਸੀਬ ਕੌਰ ਆਜ਼ਮਵਾਲਾ, ਸੁਖਜਿੰਦਰ ਸਿੰਘ ਚੱਕ ਸੈਦੋ ਕੇ, ਰੌਸ਼ਨੀ ਅਬੋਹਰ ਅਤੇ ਸੁਰਿੰਦਰ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।