Punjab News: ਜਲੰਧਰ ਜੰਮੂ ਹਾਈਵੇਅ ’ਤੇ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ; 4 ਮੌਤਾਂ, 11 ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 10 ਮਾਰਚ
Punjab News: ਇਥੇ ਜਲੰਧਰ-ਜੰਮੂ ਹਾਈਵੇਅ ’ਤੇ ਸੋਮਵਾਰ ਤੜਕੇ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 11 ਹੋਰ ਜ਼ਖ਼ਮੀ ਹੋ ਗਏ। ਹਾਦਸਾ ਜਲੰਧਰ ਦੇ ਜੱਲੋਵਾਲ ਪਿੰਡ ਕੋਲ ਹੋਇਆ। ਮਰਨ ਵਾਲਿਆਂ ਵਿਚ ਬੱਸ ਦਾ ਡਰਾਈਵਰ ਤੇ ਤਿੰਨ ਯਾਤਰੀ ਵੀ ਸ਼ਾਮਲ ਹਨ।
ਮ੍ਰਿਤਕਾਂ ਵਿਚ ਜੰਮੂ ਕਸ਼ਮੀਰ ਵਾਸੀ ਬੱਸ ਚਾਲਕ ਸਤਿੰਦਰ ਸਿੰਘ, ਦਿੱਲੀ ਵਾਸੀ ਕੁਲਦੀਪ ਸਿੰਘ ਤੇ ਉਸ ਦਾ ਪੁੱਤਰ ਗੁਰਬਚਨ ਸਿੰਘ, ਲੁਧਿਆਣਾ ਨੇੜੇ ਮਾਛੀਵਾੜਾ ਦੇ ਪਿੰਡ ਫੱਲੇਵਾਲ ਦਾ ਵਰਿੰਦਰ ਸਿੰਘ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਜਲੰਧਰ ਵੱਲੋਂ ਆ ਰਹੀ ਬੱਸ ਕਾਲਾ ਬੱਕਰਾ ਕੋਲ ਪੁੱਜੀ ਤਾਂ ਉਸ ਦੀ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੀ ਪਲਟ ਗਈ। ਹਾਦਸੇ ਤੋਂ ਫੌਰੀ ਮਗਰੋਂ ਐੱਸਐੱਸਐੱਫ ਤੇ ਭੋਗਪੁਰ ਪੁਲੀਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਹਾਦਸੇ ਦੇ ਜ਼ਖ਼ਮੀਆਂ ਨੂੰ ਜਲੰਧਰ ਦੇ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚ ਟਰੈਕਟਰ ਟਰਾਲੀ ਸਵਾਰ ਤਿੰਨ ਪਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਜ਼ਖ਼ਮੀਆਂ ਵਿਚ ਟਰਾਲੀ ਚਾਲਕ ਪਰਵਿੰਦਰ ਸਿੰਘ ਵੀ ਸ਼ਾਮਲ ਹੈ, ਜਿਸ ਦੇ ਪੈਰ ਵਿਚ ਗੰਭੀਰ ਸੱਟ ਲੱਗੀ ਹੈ।
ਹਾਦਸੇ ਕਰਕੇ ਹਾਈਵੇਅ ’ਤੇ ਆਵਾਜਾਈ ਵੀ ਅਸਰਅੰਦਾਜ਼ ਹੋਈ। ਪੁਲੀਸ ਤੇ ਪ੍ਰਸ਼ਾਸਨ ਨੇ ਜੇਸੀਬੀ ਦੀ ਮਦਦ ਨਾਲ ਲਾਸ਼ਾਂ ਤੇ ਯਾਤਰੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਕੁਝ ਦੇਰ ਲਈ ਹਾਈਵੇਅ ’ਤੇ ਜਾਮ ਵਾਲੇ ਹਾਲਾਤ ਬਣੇ ਰਹੇ, ਪਰ ਪੁਲੀਸ ਨੇ ਜਲਦੀ ਹੀ ਹਾਈਵੇ ’ਤੇ ਆਵਾਜਾਈ ਸ਼ੁਰੂ ਕੀਤੀ। ਪਚਰੰਗਾ ਪੁਲੀਸ ਥਾਣੇ ਦੇ ਇੰਚਾਰਜ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਹਾਦਸਾ ਸਵੇਰੇ ਸਾਢੇੇ ਪੰਜ ਵਜੇ ਦੇ ਕਰੀਬ ਹੋਇਆ।