Punjab News: ਅਣਖ਼ ਖਾਤਰ ਭਰਾ ਵੱਲੋਂ ਭੈਣ ਦਾ ਕਤਲ, ਤਿੰਨ ਸਾਲ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ
ਹਰਦੀਪ ਸਿੰਘ
ਧਰਮਕੋਟ/ਕੋਟ ਈਸੇ ਖਾਂ, 3 ਜੁਲਾਈ
ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਦੌਲੇਵਾਲਾ ਵਿਖੇ ਇਕ ਨੌਜਵਾਨ ਵਲੋਂ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਬੁੱਧਵਾਰ ਸ਼ਾਮ ਉਸ ਵੇਲੇ ਵਾਪਰੀ ਜਦੋਂ ਲੜਕੀ ਸਿਮਰਨ ਕੌਰ ਗੁਰਦੁਆਰਾ ਬਾਬਾ ਤੁਲਸੀ ਦਾਸ ਝੁੱਗੀ ਵਾਲਾ ਵਿਖੇ ਚੱਲ ਰਹੇ ਸਮਾਗਮਾਂ ਵਿੱਚ ਲੰਗਰ ਹਾਲ ਵਿੱਚ ਸੇਵਾ ਕਰ ਰਹੀ ਸੀ। ਅਣਖ ਖ਼ਾਤਰ ਕੀਤੇ ਇਸ ਕਤਲ ਨੂੰ ਲੈਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਸਾਲ ਪਹਿਲਾਂ ਮ੍ਰਿਤਕ ਲੜਕੀ ਨੇ ਪਿੰਡ ਦੇ ਹੀ ਨੌਜਵਾਨ ਇੰਦਰਜੀਤ ਸਿੰਘ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਜਿਸ ਕਾਰਨ ਲੜਕੀ ਦਾ ਪਰਿਵਾਰ ਆਪਣੀ ਬੇਇਜ਼ਤੀ ਮਹਿਸੂਸ ਕਰ ਰਿਹਾ ਸੀ ਅਤੇ ਗੁੱਸੇ ਵਿੱਚ ਸੀ। ਬੀਤੀ ਸ਼ਾਮ ਸਿਮਰਨ ਜਦੋਂ ਆਪਣੇ ਸਹੁਰੇ ਪਰਿਵਾਰ ਦੀਆਂ ਦੋ ਹੋਰ ਲੜਕੀਆਂ ਨਾਲ ਗੁਰਦੁਆਰਾ ਬਾਬਾ ਝੁੱਗੀ ਵਾਲਾ ਦੇ ਲੰਗਰ ਹਾਲ ਵਿਖੇ ਰੋਟੀਆਂ ਬਣਾ ਰਹੀ ਸੀ ਤਾਂ ਉਸ ਦੇ ਭਰਾ ਹਰਮਨ ਸਿੰਘ ਨੇ ਉੱਥੇ ਪੁੱਜ ਕੇ ਆਪਣੇ ਪਿਸਤੌਲ ਨਾਲ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ। ਗੋਲੀਆਂ ਲੱਗਣ ਨਾਲ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੌਕੇ ’ਤੇ ਮੌਜੂਦ ਪੁਲੀਸ ਕਰਮੀਆਂ ਨੇ ਹਰਮਨ ਸਿੰਘ ਨੂੰ ਕਾਬੂ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਅਤੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਭਾਰੀ ਪੁਲੀਸ ਫੋਰਸ ਨਾਲ ਮੌਕੇ ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਹਮਲਾਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ, ਜੇ ਇਸ ਮਾਮਲੇ ਵਿਚ ਕੋਈ ਹੋਰ ਸਾ਼ਮਲ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।