Punjab News: BMW ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ; ਇੱਕ ਹਲਾਕ, ਇਕ ਜ਼ਖ਼ਮੀ
ਤੇਜ਼ ਰਫ਼ਤਾਰ BMW ਕਾਰ ਨੇ ਪਿੱਛੋਂ ਮਾਰੀ ਮੋਟਰਸਾਈਕਲ ਨੂੰ ਟੱਕਰ; ਇਕ ਹੋਰ ਹਾਦਸੇ ’ਚ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਕਾਂਵੜ ਲਿਆਉਂਦੇ ਦੋ ਨੌਜਵਾਨ ਹੋਏ ਜ਼ਖ਼ਮੀ
ਮਨੋਜ ਸ਼ਰਮਾ
ਬਠਿੰਡਾ, 26 ਫਰਵਰੀ
Punjab News - BMW Accident: ਮਲੋਟ ਰੋਡ ’ਤੇ ਪਿੰਡ ਬੱਲੂਆਣਾ ਦੇ ਨੇੜੇ ਬੀਤੀ ਰਾਤ ਬਠਿੰਡਾ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਬੀਐਮਡਬਲਿਊ BMW ਕਾਰ ਨੇ ਆਪਣੇ ਸਾਹਮਣੇ ਜਾ ਰਹੀ ਬਾਈਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮੋਟਰਸਾਈਕਲ ਵੀ ਕਾਰ ਦੇ ਅੰਦਰ ਧਸ ਗਿਆ।
ਇਸ ਭਿਆਨਕ ਟੱਕਰ ਨਾਲ ਬਾਈਕ ਸਵਾਰ ਦੋਵੇਂ ਨੌਜਵਾਨ ਸੜਕ ’ਤੇ ਦੂਰ ਜਾ ਡਿੱਗੇ ਤੇ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰ ਯਦਵਿੰਦਰ ਕੰਗ, ਐਂਬੂਲੈਂਸ 108 ਅਤੇ ਐੱਸਐੱਸਐਫ ਦੀ ਟੀਮ ਮੌਕੇ ‘ਤੇ ਪਹੁੰਚੀ।
ਸੰਸਥਾ ਅਤੇ ਐਂਬੂਲੈਂਸ 108 ਨੇ ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਇੱਕ ਦਸਤਾਵੇਜ਼ ‘ਤੇ “ਜਸਵੀਰ ਸਿੰਘ, ਨਜ਼ਦੀਕ ਸਬਜ਼ੀ ਮੰਡੀ” ਲਿਖਿਆ ਸੀ, ਜਦਕਿ ਦੂਜੇ ਜ਼ਖ਼ਮੀ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ।
ਹੋਰ ਹਾਦਸੇ ’ਚ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਕਾਂਵੜ ਲਿਆਉਂਦੇ ਦੋ ਨੌਜਵਾਨ ਜ਼ਖ਼ਮੀ
ਇਸੇ ਤਰ੍ਹਾਂ ਇੱਕ ਹੋਰ ਹਾਦਸੇ ਦੌਰਾਨ ਸਵੇਰੇ ਕਰੀਬ 4:00 ਵਜੇ ਬਰਨਾਲਾ ਬਾਈਪਾਸ ਰੋਡ ‘ਤੇ ਥਾਣਾ ਕੈਂਟ ਦੇ ਨੇੜੇ ਬਾਈਕ ’ਤੇ ਕਾਂਵੜ ਲਿਆ ਰਹੇ ਦੋ ਨੌਜਵਾਨ ਅਚਾਨਕ ਡਿਵਾਈਡਰ ਨਾਲ ਟਕਰਾ ਕੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਨ੍ਹਾਂ ਦੀ ਪਛਾਣ ਵਿਜੇ ਕੁਮਾਰ (35 ਸਾਲ) ਪੁੱਤਰ ਸੰਤਾ ਰਾਮ ਨਿਵਾਸੀ ਹੰਸ ਨਗਰ ਅਤੇ ਗੰਗਾ ਰਾਮ (33 ਸਾਲ) ਪੁੱਤਰ ਬਨਾਰਸੀ ਦਾਸ ਨਿਵਾਸੀ ਸੰਗੁਆਣਾ ਬਸਤੀ ਵਜੋਂ ਹੋਈ ਹੈ।