Punjab News: ਪੰਜ ਡਿਗਰੀ ਤਾਪਮਾਨ ਨਾਲ ਕੰਬੇ ਬਠਿੰਡਾ ਤੇ ਗੁਰਦਾਸਪੁਰ
ਚੰਡੀਗੜ੍ਹ, 3 ਜਨਵਰੀ
ਪੰਜਾਬ ਤੇ ਹਰਿਆਣਾ ਵਿੱਚ ਅੱਜ ਵੀ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਦੌਰ ਜਾਰੀ ਰਿਹਾ ਅਤੇ ਪੰਜਾਬ ’ਚ ਬਠਿੰਡਾ ਤੇ ਗੁਰਦਾਸਪੁਰ ਸਭ ਤੋਂ ਠੰਢੇ ਇਲਾਕੇ ਦਰਜ ਕੀਤੇ ਗਏ ਜਿੱਥੇ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਰਿਹਾ। ਹਰਿਆਣਾ ਵਿੱਚ ਨਾਰਨੌਲ ਤੇ ਹਿਸਾਰ ਸਭ ਤੋਂ ਠੰਢੇ ਸਥਾਨ ਰਹੇ। ਪੰਜਾਬ ’ਚ ਸੰਘਣੀ ਧੁੰਦ ਕਾਰਨ ਕਈ ਥਾਵਾਂ ’ਤੇ ਸੜਕ ਹਾਦਸੇ ਹੋਏ, ਜਿਸ ਕਾਰਨ ਕਈ ਵਿਅਕਤੀ ਜ਼ਖ਼ਮੀ ਹੋਏ।
ਅਧਿਕਾਰੀਆਂ ਮੁਤਾਬਕ ਦੋਵਾਂ ਰਾਜਾਂ ਦੇ ਵੱਡੇ ਹਿੱਸਿਆਂ ’ਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਨਾਲ ਜ਼ਿਆਦਾਤਰ ਥਾਵਾਂ ’ਤੇ ਦਿਸਣ ਹੱਦ ਘਟੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਰਾਜਾਂ ’ਚ ਵਧੇਰੇ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਸਧਾਰਨ ਦੇ ਨੇੜੇ ਰਿਹਾ। ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ’ਚ ਬਠਿੰਡਾ ਤੇ ਗੁਰਦਾਸਪੁਰ ’ਚ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਘੱਟੋ ਘੱਟ ਤਾਪਮਾਨ 7.2, ਲੁਧਿਆਣਾ ’ਚ 8.4, ਪਟਿਆਲਾ ’ਚ 8.2, ਫਰੀਦਕੋਟ ’ਚ 6.8 ਅਤੇ ਬਰਨਾਲਾ ’ਚ ਘੱਟੋ ਘੱਟ ਤਾਪਮਾਨ 7.4 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ’ਚ ਨਾਰਨੌਲ ਤੇ ਹਿਸਾਰ ਸਭ ਤੋਂ ਠੰਢੇ ਰਹੇ ਜਿੱਥੇ ਘੱਟੋ ਘੱਟ ਤਾਪਮਾਨ ਕ੍ਰਮਵਾਰ 4.2 ਤੇ 5.7 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਅੰਬਾਲਾ ’ਚ ਘੱਟੋ-ਘੱਟ ਤਾਪਮਾਨ 10.1 ਡਿਗਰੀ, ਕਰਨਾਲ ’ਚ 9.4, ਰੋਹਤਕ ’ਚ 9.2 ਡਿਗਰੀ ਰਿਹਾ। ਦੋਵਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ’ਚ ਸਵੇਰੇ ਸੰਘਣੀ ਧੁੰਦ ਛਾਈ ਰਹੀ ਤੇ ਘੱਟੋ ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ
ਦਿੱਲੀ ਵਿੱਚ ਧੁੰਦ ਕਾਰਨ 400 ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਕੌਮੀ ਰਾਜਧਾਨੀ ਦੇ ਕੁੱਝ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 400 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 400 ਤੋਂ ਵੱਧ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਕਿਹਾ ਕਿ ਯਾਤਰੀਆਂ ਨੂੰ ਦੇਰੀ ਨਾਲ ਰਵਾਨਾ ਹੋਣ ਵਾਲੀਆਂ ਉਡਾਣਾਂ ਸਬੰਧੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਈਜੀਆਈ ਹਵਾਈ ਅੱਡੇ ’ਤੇ ਸੰਘਣੀ ਧੁੰਦ ਪਈ ਅਤੇ ਦਿਖਣ ਹੱਦ ਜ਼ੀਰੋ ਮੀਟਰ ਦਰਜ ਕੀਤੀ ਗਈ।