Punjab News: ਚੋਰੀ ਦੀ ਕੋਸ਼ਿਸ਼ ’ਚ ਨਾਕਾਮ ਰਹਿਣ ’ਤੇ ATM ਨੂੰ ਅੱਗ ਲਾਈ
ਮੁਲਜ਼ਮ ਨੇ ਸਭ ਤੋਂ ਪਹਿਲਾਂ PNB ਦੀ ATM ’ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਪਰੇਅ ਮਾਰੀ; ਫਿਰ ਗੈਸ ਕਟਰ ਨਾਲ ਏਟੀਐਮ ਨੂੰ ਵੱਢਣ ਦੀ ਕੀਤੀ ਕੋਸ਼ਿਸ਼
ਕੇ.ਪੀ. ਸਿੰਘ
ਦੀਨਾਨਗਰ, 8 ਜਨਵਰੀ
Punjab News: ਪਿੰਡ ਭਟੋਆ ਵਿੱਚ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ (Punjab National Bank) ਦੇ ਏਟੀਐਮ ਨੂੰ ਗੈਸ ਕਟਰ ਨਾਲ ਅੱਗ ਲਗਾ ਕੇ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਾਕਾਮ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ATM ਨੂੰ ਅੱਗ ਲਾ ਦਿੱਤੀ ਤੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਰਾਤ ਕਰੀਬ 1 ਵਜੇ ਇੱਕ ਨੌਜਵਾਨ ਏਟੀਐਮ ਦੇ ਤਾਲੇ ਤੋੜ ਕੇ ਅੰਦਰ ਵੜਿਆ ਅਤੇ ਉਸ ਨੇ ਸਭ ਤੋਂ ਪਹਿਲਾਂ ਏਟੀਐਮ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ 'ਤੇ ਸਪਰੇਅ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਗੈਸ ਕਟਰ ਨਾਲ ਏਟੀਐਮ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹਿਣ ’ਤੇ ਉਸ ਨੇ ਏਟੀਐਮ ਨੂੰ ਅੱਗ ਲਗਾ ਦਿੱਤੀ। ਗ਼ੌਰਤਲਬ ਹੈ ਕਿ ਬੱਸ ਸਟੈਂਡ ਨੇੜੇ ਸਥਿਤ ਇਸ ਏਟੀਐਮ ਦੇ ਸ਼ਟਰ ਨੂੰ ਰਾਤ ਸਮੇਂ ਤਾਲੇ ਲਗਾ ਕੇ ਬੰਦ ਕਰ ਦਿੱਤਾ ਜਾਂਦਾ ਹੈ।
ਅੱਜ ਬੁੱਧਵਾਰ ਸਵੇਰੇ ਜਦੋਂ ਨੇੜਲੇ ਘਰਾਂ ਵਾਲੇ ਲੋਕ ਉੱਠੇ ਤਾਂ ਉਨ੍ਹਾਂ ਏਟੀਐਮ ਦੇ ਤਾਲੇ ਟੁੱਟੇ ਹੋਏ ਵੇਖੇ ਅਤੇ ਏਟੀਐਮ ਦਾ ਸ਼ਟਰ ਵੀ ਚੁੱਕਿਆ ਹੋਇਆ ਸੀ। ਉਨ੍ਹਾਂ ਇਸ ਸਬੰਧੀ ਫ਼ੌਰੀ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਅਤੇ ਫਿਰ ਸਰਪੰਚ ਵੱਲੋਂ ਪੁਲੀਸ ਨੂੰ ਇਤਲਾਹ ਦਿੱਤੀ ਗਈ।
ਪੁਲੀਸ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ। ਏਐੱਸਪੀ ਦੀਨਾਨਗਰ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਆਲ਼ੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਘੋਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।