Punjab News ਅਕਾਲੀ ਦਲ ਦੀ ਭਰਤੀ ਸਬੰਧੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ 11 ਨੂੰ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਫਰਵਰੀ
ਅਕਾਲ ਤਖ਼ਤ ਵੱਲੋਂ 2 ਦਸੰਬਰ ਨੂੰ ਪੰਥਕ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਗਠਿਤ ਕੀਤੀ ਗਈ ਸੱਤ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਬਹਾਦਰਗੜ੍ਹ ਸਥਿਤ ਟੌਹੜਾ ਇੰਟੀਟਿਊਟ ਵਿੱਚ ਹੋਈ। ਬੈਠਕ ਵਿਚ ਲੰਮੀ ਵਿਚਾਰ ਚਰਚਾ ਮਗਰੋਂ 11 ਫਰਵਰੀ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ। ਭੂੰਦੜ ਤੋਂ ਉਨਾਂ ਦੀ ਰਾਇ ਲਈ ਜਾਵੇਗੀ ਕਿ ਉਹ ਇਸ ਕਮੇਟੀ ਨੂੰ ਮੰਨਦੇ ਹਨ ਜਾਂ ਨਹੀਂ। ਇਸ ਤਰ੍ਹਾਂ ਜੇ ਭੂੰਦੜ ਦਾ ਜਵਾਬ ਹਾਂ ਵਿੱਚ ਹੋਇਆ, ਤਾਂ ਅਕਾਲੀ ਦਲ ਬਾਦਲ ਵੱਲੋਂ ਹੁਣ ਤੱਕ ਕੀਤੀ ਗਈ ਭਰਤੀ ਖਾਰਜ ਹੋ ਜਾਵੇਗੀ ਤੇ ਫਿਰ ਇਸ ਕਮੇਟੀ ਦੀ ਨਿਗਰਾਨੀ ਹੇਠ ਦੁਬਾਰਾ ਭਰਤੀ ਕੀਤੀ ਜਾਵੇਗੀ। ਮੀਟਿੰਗ ’ਚ ਸ਼ਾਮਲ ਮੈਂਬਰਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਬੀਬੀ ਸਤਵੰਤ ਕੌਰ (ਸਵ. ਭਾਈ ਅਮਰੀਕ ਸਿੰਘ ਦੀ ਧੀ) ਸ਼ਾਮਲ ਸਨ।