Punjab News: ਸੁਖਬੀਰ ਤੇ ਹੋਰ ਅਹੁਦੇਦਾਰਾਂ ਦੇ ਅਸਤੀਫਿਆਂ ਦੇ ਮਾਮਲੇ ’ਚ ਅਕਾਲ ਤਖ਼ਤ ਤੋਂ 20 ਦਿਨਾਂ ਦੀ ਮੋਹਲਤ ਮਿਲੀ: ਭੂੰਦੜ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 9 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਪਾਰਟੀ ਅਹੁਦੇਦਾਰਾਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਸਵੀਕਾਰ ਕਰਕੇ ਰਿਪੋਰਟ ਦੇਣ ਦੇ ਮਾਮਲੇ ’ਚ ਪਾਰਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20 ਦਿਨਾਂ ਦੀ ਮੋਹਲਤ ਮਿਲ ਚੁੱਕੀ ਹੈ।
ਧਾਰਮਿਕ ਸੇਵਾ ਨਿਭਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਸ੍ਰੀ ਭੂੰਦੜ ਨੂੰ ਜਦ ਪੱਤਰਕਾਰਾਂ ਨੇ ਅਕਾਲੀ ਲੀਡਰਸ਼ਿਪ ਦੇ ਅਸਤੀਫਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਏ ਹੁਕਮ ਦੀ ਪਾਲਣਾ ਨਾ ਕਰਨ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਅਸਤੀਫਿਆਂ ਦੇ ਮਾਮਲੇ ’ਚ ਸਮੁੱਚੀ ਪ੍ਰਕਿਰਿਆ ਦੇ ਪਾਲਣ ਲਈ 20 ਦਿਨਾਂ ਦੀ ਮੋਹਲਤ ਮੰਗੀ ਗਈ ਸੀ ਜੋ ਸਿੰਘ ਸਾਹਿਬਾਨ ਵੱਲੋਂ ਦੇ ਦਿੱਤੀ ਗਈ ਹੈ ਅਤੇ ਹੁਣ ਉਸ ਸਮੇਂ ਦੌਰਾਨ ਅਗਲਾ ਫੈਸਲਾ ਲੈ ਲਿਆ ਜਾਵੇਗਾ।
ਬਲਵਿੰਦਰ ਸਿੰਘ ਭੂੰਦੜ ਨੇ ਇਸ ਮੌਕੇ ਸੂਬਾ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਕਰਵਾਉਣ ਲਈ ਐਲਾਨੀ ਤਰੀਕ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ 15 ਦਸੰਬਰ ਤੋਂ ਬਾਅਦ ਸ਼ਹੀਦੀ ਪੰਦਰਵਾੜਾ ਮਨਾਉਂਦੀ ਹੈ। ਇਸ ਲਈ ਅਜਿਹੇ ਸਮੇਂ ’ਚ ਚੋਣਾਂ ਕਰਵਾਉਣੀਆਂ ਜਾਇਜ਼ ਨਹੀਂ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸਿੱਖ ਭਾਵਨਾਵਾਂ ਨੂੰ ਸਮਝਦਿਆਂ ਚੋਣ ਤਰੀਕਾਂ ’ਚ ਬਦਲਾਅ ਕੀਤਾ ਜਾਵੇ।ਇਸ ਮੌਕੇ ਜਥੇਦਾਰ ਮੋਹਨ ਸਿੰਘ ਬੰਗੀ, ਭਾਈ ਗੁਰਪ੍ਰੀਤ ਸਿੰਘ ਝੱਬਰ, ਮੇਜਰ ਸਿੰਘ ਢਿੱਲੋਂ ਅਤੇ ਭਾਈ ਸੁਰਜੀਤ ਸਿੰਘ ਰਾਏਪੁਰ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ ਮੌਜੂਦ ਸਨ।