Punjab News: ਪਿੰਡ ਰੌਣੀ ਦਾ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਟ
ਦੇਵਿੰਦਰ ਸਿੰਘ ਜੱਗੀ
ਪਾਇਲ, 25 ਅਪਰੈਲ
ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੀ ਸਿੰਥੈਟਿਕ (ਚਿੱਟੇ) ਨਸ਼ੇ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਦੇ ਬਾਵਜੂਦ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਰੌਣੀ ਵਿਖੇ ਇੱਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਅਤੇ ਉਸ ਦੀ ਨਸ਼ੇ ਦੀ ਸਰਿੰਜ ਹੱਥ ਵਿੱਚ ਹੀ ਰਹਿ ਗਈ। ਇਸ ਘਟਨਾ ਦੀ ਸੋਸ਼ਲ ਮੀਡੀਆ ਉਤੇ ਵੀ ਭਾਰੀ ਚਰਚਾ ਹੈ। ਗ਼ੌਰਤਲਬ ਹੈ ਕਿ ਪਿੰਡ ਰੌਣੀ ਵਿਖੇ ਥਾਣਾ ਪਾਇਲ ਅਧੀਨ ਪੁਲੀਸ ਚੌਕੀ ਵੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਤਰਨਜੀਤ ਸਿੰਘ ਉਰਫ ਘੋਕੀ ਉਮਰ ਕਰੀਬ 31 ਸਾਲ ਦੀ ਲਾਸ਼ ਸਰਕਾਰੀ ਸਕੂਲ ਲਾਗੇ ਬਣੇ ਜਿਮ ਕੋਲ ਰਸਤੇ ’ਚੋਂ ਮਿਲੀ, ਜਿਸ ਦੀ ਟੀਕਾ ਲਗਾਉਣ ਨਾਲ ਮੌਤ ਹੋ ਗਈ। ਉਸ ਸਮੇਂ ਵਰਤੀ ਸਰਿੰਜ ਵੀ ਹੱਥ ਵਿੱਚ ਹੀ ਸੀ।
ਜਿਉਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਲੋਕਾਂ ਨੇ ਕੁਮੈਟਾਂ ਵਿੱਚ ਪੰਜਾਬ ਪੁਲੀਸ ਦੇ ਨਸ਼ਿਆਂ ਖ਼ਿਲਾਫ਼ ਜੰਗ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਖੜ੍ਹੇ ਕੀਤੇ। ਪਿੰਡ ਰੌਣੀ ਦੇ ਲੋਕਾਂ ਦੇ ਦੱਸਣ ਮੁਤਾਬਿਕ ਤਰਨਦੀਪ ਸਿੰਘ ਘੋਕੀ ਨਸ਼ੇ ਕਰਨ ਦਾ ਆਦੀ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਪਰਿਵਾਰ ਵੱਲੋਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ ਹੈ।
ਜਦੋਂ ਇਸ ਸਬੰਧੀ ਥਾਣਾ ਪਾਇਲ ਦੇ ਐੱਸਐਚਓ ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਕੋਈ ਇਤਲਾਹ ਨਹੀਂ ਮਿਲੀ, ਨਾ ਹੀ ਪਰਿਵਾਰਕ ਮੈਂਬਰਾਂ ਨੇ ਕੋਈ ਸੂਚਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਫਿਰ ਵੀ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ।