Punjab News: BSF ਤੇ ANTF ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 6 ਪਿਸਤੌਲਾਂ ਤੇ ਗੋਲੀ-ਸਿੱਕੇ ਸਣੇ 3 ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੂਨ
ਬੀਐਸਐਫ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨਾਲ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਬੀਐਸਐਫ ਦੇ ਅਧਿਕਾਰੀ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਬੀਐਸਐਫ (Border Security Force - BSF) ਅਤੇ ਏਐਨਟੀਐਫ (Anti Narcotics Task Force, Punjab - ANTF) ਅੰਮ੍ਰਿਤਸਰ ਵੱਲੋਂ ਬੀਤੀ ਸ਼ਾਮ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਹੈ। ਇਸ ਤਹਿਤ ਸਥਾਨਕ ਖਾਲਸਾ ਕਾਲਜ ਦੇ ਨੇੜੇ ਇਲਾਕੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕੋਲੋਂ ਛੇ ਪਿਸਤੌਲ ਬਰਾਮਦ ਹੋਏ ਹਨ।
ਇਹ ਜਾਣਕਾਰੀ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (DGP) ਨੇ ਆਪਣੇ ਐਕਸ ਅਕਾਊਂਟ ਉਤੇ ਵੀ ਨਸ਼ਰ ਕੀਤੀ ਹੈ। ਆਪਣੀ ਟਵੀਟ ਵਿਚ ਡੀਜੀਪੀ ਨੇ ਫੜੇ ਗਏ ਮੁਲਜ਼ਮਾਂ ਨੂੰ ਗੋਇੰਦਵਾਲ ਜੇਲ੍ਹ ਵਿਚ ਬੰਦ ਸਰਗਣੇ ਜੁਗਰਾਜ ਸਿੰਘ ਦੇ ਕਰੀਬੀ ਦੱਸਿਆ ਹੈ। ਉਨ੍ਹਾਂ ਮੁਤਾਬਕ ਇਸ ਸਬੰਧੀ ਇਕ ਕੇਸ ANTF ਦੇ ਐਸਏਐਸ ਨਗਰ (ਮੁਹਾਲੀ) ਸਥਿਤ ਥਾਣੇ ਵਿਚ ਦਰਜ ਕੀਤਾ ਗਿਆ ਹੈ।
In a major crackdown on arms smuggling networks, the Anti-Narcotics Task Force, Punjab (#ANTF), @BorderRange, #Amritsar arrests 3 associates of Jugraj Singh with 6 sophisticated foreign-made weapons smuggled from across the border.
Preliminary investigation reveals, Kingpin… pic.twitter.com/pSdTg42V43
— DGP Punjab Police (@DGPPunjabPolice) June 7, 2025
ਬੀਐਸਐਫ਼ ਅਧਿਕਾਰੀ ਨੇ ਇਥੇ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਅਹਿਮ ਸੂਚਨਾ ਮਿਲੀ ਸੀ ਕਿ ਹਥਿਆਰਾਂ ਦੀ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਬੀਐਸਐਫ ਅਤੇ ਏਐਨਟੀਐਫ ਨੇ ਇੱਕ ਸਾਂਝੀ ਟੀਮ ਤਿਆਰ ਕੀਤੀ, ਜਿਸ ਦੀ ਨਿਗਰਾਨੀ ਹੇਠ ਆਪਰੇਸ਼ਨ ਕੀਤਾ ਗਿਆ।
ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਸਰ ਦੇ ਗੇਟ ਹਕੀਮਾਂ ਅਤੇ ਛੇਹਰਟਾ ਇਲਾਕੇ ਦੇ ਵਾਸੀ ਹਨ। ਇਹਨਾਂ ਕੋਲੋਂ ਛੇ ਪਿਸਤੌਲਾਂ ਤੋਂ ਇਲਾਵਾ ਛੇ ਮੈਗਜ਼ੀਨ, ਚਾਰ ਮੋਬਾਈਲ ਫੋਨ, ਇੱਕ ਸਕੂਟਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਉਹਨਾਂ ਦੱਸਿਆ ਕਿ ਸਾਰੇ ਪਿਸਤੌਲ ਪੀਲੇ ਰੰਗ ਦੀ ਇੱਕ ਟੇਪ ਨਾਲ ਲਪੇਟੇ ਹੋਏ ਸਨ। ਹਰੇਕ ਪਿਸਤੌਲ ਨਾਲ ਲੋਹੇ ਦੀ ਰਿੰਗ ਜੁੜੀ ਹੋਈ ਸੀ। ਉਹਨਾਂ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਇਹਨਾਂ ਮੁਲਜ਼ਮਾਂ ਦੇ ਹੋਰ ਸਬੰਧਾਂ ਅਤੇ ਮੰਤਵ ਬਾਰੇ ਪਤਾ ਲਾਉਣ ਲਈ ਜਾਂਚ ਜਾਰੀ ਹੈ।
ਉਹਨਾਂ ਕਿਹਾ ਕਿ ਬੀਐਸਐਫ ਅਤੇ ਏਐਨਟੀਐਫ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਰਾਹੀਂ ਦਹਿਸ਼ਤ ਫੈਲਾਉਣ ਲਈ ਦੇਸ਼ ਵਿਰੋਧੀ ਤੱਤਾਂ ਦੀ ਇਹ ਨਾਪਾਕ ਯੋਜਨਾ ਨੂੰ ਅਸਫਲ ਬਣਾ ਦਿੱਤਾ ਗਿਆ ਹੈ।