Punjab News: ਸੜਕ ਹਾਦਸੇ ’ਚ 2 ਨੌਜਵਾਨ ਹਲਾਕ, 3 ਗੰਭੀਰ ਜ਼ਖ਼ਮੀ
ਦਿੱਲੀ-ਸੰਗਰੂਰ ਕੌਮੀ ਮਾਰਗ 'ਤੇ ਪਿੰਡ ਦੁਗਾਲ ਕਲਾਂ ਨੇੜੇ ਦੇਰ ਰਾਤ ਡਿਵਾਈਡਰ ਨਾਲ ਟਕਰਾਈ Verna Car
ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਜਨਵਰੀ
Punjab News - Road Accident: ਦਿੱਲੀ-ਸੰਗਰੂਰ ਕੌਮੀ ਮਾਰਗ 'ਤੇ ਪਿੰਡ ਦੁਗਾਲ ਕਲਾਂ ਨੇੜੇ ਦੇਰ ਰਾਤ ਇੱਕ ਵਰਨਾ ਕਾਰ (Verna Car) ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਜਿਸ ਕਾਰਨ ਇਸ ਵਿੱਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ। ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ (SSF) ਦੇ ਦਸਤੇ ਕੇ ਪਹੁੰਚ ਕੇ ਕਾਰ ਸਵਾਰਾਂ ਦੀ ਮਦਦ ਕੀਤੀ। ਇਸੇ ਦੌਰਾਨ ਪੁਲੀਸ ਪਾਰਟੀ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਸੁਰੱਖਿਆ ਫੋਰਸ ਦੇ ਦਸਤੇ ਨੇ ਦੱਸਿਆ ਹੈ ਕਿ ਰਾਤ ਕਰੀਬ ਡੇਢ ਵਜੇ ਇਹ ਵਿਅਕਤੀ ਦਿੜ੍ਹਬੇ ਤੋਂ ਵਿਆਹ ਦੇਖ ਕੇ ਆ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਕਾਰ ਪਿੰਡ ਦੁਗਾਲ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ।
ਇਸ ਕਾਰਨ ਕਾਰ 'ਚ ਸਵਾਰ ਅੰਸੁਲ ਗਰਗ (23) ਤੇ ਅਤੁਲ (27) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਿਮਾਂਸ਼ੂ ਗਰਗ ਅਤੇ ਸਾਹਿਲ ਸਮੇਤ ਤਿੰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।
ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਹਰਿਆਣਾ ਦੇ ਸ਼ਹਿਰ ਜਾਖਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਹਾਦਸੇ ਵਿਚ ਕਾਰ ਵੀ ਬੁਰੀ ਤਰ੍ਹਾਂ ਤਬਾਹ ਹੋ ਗਈ।