ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗੇ ਆਗੂ ਦੀ ਲੋੜ: ਜਗਰੂਪ ਗਿੱਲ
ਪੱਤਰ ਪ੍ਰੇਰਕ
ਬਠਿੰਡਾ, 4 ਫਰਵਰੀ
ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆ ਦੀ 5ਵੀਂ ਕਿਤਾਬ ‘ਵਿਛੜੇ ਗੁਰਧਾਮ’ ਗੁਰਦੁਆਰਾ ਹਾਜ਼ੀਰਤਨ ਸਾਹਿਬ, ਪਾਤਸ਼ਾਹੀ 10ਵੀਂ ਬਠਿੰਡਾ ਵਿੱਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਦਮਦਮਾ ਸਾਹਿਬ ਤੋਂ ਪਹੁੰਚੇ ਮੁੱਖ ਮਹਿਮਾਨ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਮਾਲਵੇ ਦੀ ਧਰਤੀ ਅਜਿਹੇ ਲੇਖਕ ਪੈਦਾ ਕਰਦੀ ਹੈ, ਜਿਨ੍ਹਾਂ ਦੀਆਂ ਲਿਖ਼ਤਾਂ ਲੋਕਾਂ ਵਿੱਚ ਜਿੱਥੇ ਵੀਰ ਰਸ ਭਰਦੀਆਂ ਹਨ, ਉੱਥੇ ਹੀ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਦੇ ਸਿਧਾਂਤ ’ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਇਤਿਹਾਸ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਚਾਹੀਦਾ ਹੈ। ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਆਗੂ ਦੀ ਪੰਜਾਬ ਨੂੰ ਲੋੜ ਹੈ ਜਿਸ ਰਾਜ ’ਚ ਸਾਰੇ ਧਰਮਾਂ ਦੇ ਲੋਕ ਖੁਸ਼ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਤਿਹਾਸ ਤੋਂ ਪਾਸਾ ਵੱਟਾਂਗੇ ਤਾਂ ਸਾਡੇ ਪੱਲੇ ਕੁਝ ਵੀ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ 1947 ਦੀ ਵੰਡ ਮੌਕੇ ਹਿੰਦੁਸਤਾਨ ਨੂੰ ਆਜ਼ਾਦੀ ਮਿਲ ਗਈ ਪਰ ਪੰਜਾਬ ਤੇ ਬੰਗਾਲ ਦੀ ਵੰਡ ਹੋ ਗਈ। ਭਾਈ ਸਿਵੀਆਂ ਵੱਲੋਂ ਕਿਤਾਬ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਗਏ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਸਰਪ੍ਰਸਤ ਬਲਜਿੰਦਰ ਸਿੰਘ ਕਿਲੀ, ਇੰਸਪੈਕਟਰ ਸ਼ਮਸ਼ੇਰ ਸਿੰਘ, ਸੁਖਮਿੰਦਰ ਸਿੰਘ ਭਾਗੀਵਾਂਦਰ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਜ਼ਿੰਮੇਵਾਰੀ ਗੁਰਦੇਵ ਸਿੰਘ ਨੇ ਨਿਭਾਈ।