‘ਪੰਜਾਬ ਨਵ ਸਿਰਜਣਾ’ ਮਹਾਂਉਤਸਵ ਅੱਜ ਤੋਂ
ਹਰਦੇਵ ਚੌਹਾਨ
ਚੰਡੀਗੜ੍ਹ, 1 ਫਰਵਰੀ
ਪੰਜਾਬ ਕਲਾ ਪਰਿਸ਼ਦ ਵੱਲੋਂ 2 ਫਰਵਰੀ ਤੋਂ 29 ਮਾਰਚ ਤੱਕ ਸੂਬੇ ਭਰ ਵਿੱਚ ‘ਪੰਜਾਬ ਨਵ ਸਿਰਜਣਾ’ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਇੱਥੇ ਦੱਸਿਆ ਕਿ ਇਹ ਮਹਾਂਉਤਸਵ, ਐੱਮਐੱਸ ਰੰਧਾਵਾ, ਸੁਰਜੀਤ ਪਾਤਰ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ। ਇਸ ਮਹਾਂਉਤਸਵ ਦੌਰਾਨ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਬਰਨਾਲਾ, ਮਾਨਸਾ ਅਤੇ ਫਰੀਦਕੋਟ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਵੀ ਸਮਾਗਮ ਕਰਵਾਏ ਜਾਣਗੇ। ਸ੍ਰੀ ਸਵੀ ਨੇ ਦੱਸਿਆ ਕਿ ਇਸ ਮਹਾਂਉਤਸਵ ਦਾ ਉਦਘਾਟਨੀ ਸਮਾਰੋਹ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ 2 ਫਰਵਰੀ ਨੂੰ ਹੋਵੇਗਾ। ਪੰਜਾਬ ਭਰ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ-ਪਹਿਲਾ ਪ੍ਰੋਗਰਾਮ ਤਿੰਨ, ਚਾਰ ਅਤੇ ਪੰਜ ਫਰਵਰੀ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿੱਚ ਹੋਵੇਗਾ। ਇਸ ਸਬੰਧੀ 6 ਫਰਵਰੀ ਨੂੰ ਸਰਕਾਰੀ ਮਹਿਲਾ ਕਾਲਜ ਲੁਧਿਆਣਾ, 10 ਤੇ 11 ਨੂੰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, 14 ਨੂੰ ਖਾਲਸਾ ਕਾਲਜ ਅੰਮ੍ਰਿਤਸਰ, 15 ਫਰਵਰੀ ਨੂੰ ਤਰਕਸ਼ੀਲ ਭਵਨ ਬਰਨਾਲਾ ਵਿੱਚ ਸਮਾਗਮ ਹੋਵੇਗਾ। ਮੁੱਖ ਸਮਾਗਮ ਜਲੰਧਰ ਦੇ ਹੰਸਰਾਜ ਮਹਿਲਾ ਮਹਾ ਵਿਦਿਆਲਿਆ ਵਿੱਚ 18 ਤੇ 19 ਫਰਵਰੀ ਨੂੰ ਹੋਵੇਗਾ। 18 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਗੌਰਵ ਅਤੇ ਪੰਜਾਬੀ ਮਾਤ ਭਾਸ਼ਾ ਪੁਰਸਕਾਰ ਜੇਤੂਆਂ ਨੂੰ ਐਵਾਰਡ ਦੇਣਗੇ। 21 ਅਤੇ 22 ਫਰਵਰੀ ਨੂੰ ਗੁਰੂ ਨਾਨਕ ਖਾਲਸਾ ਕਾਲਜ ਦਾ ਵਿਮੈਨ ਗੁੱਜਰ ਖਾਨ ਕੈਂਪਸ ਲੁਧਿਆਣਾ, 25 ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਚਾਰ ਮਾਰਚ ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ, 10 ਨੂੰ ਪੰਜਾਬ ਯੂਨੀਵਰਸਿਟੀ ਕੈਂਪਸ, 11 ਤੋਂ 13 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਸੰਗੀਤ ਸਮਾਰੋਹ ਹੋਵੇਗਾ। ਮਹਾਂਉਤਸਵ ਦਾ ਵਿਦਾਇਗੀ ਸਮਾਰੋਹ 26 ਤੋਂ 29 ਮਾਰਚ ਤੀਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਹੋਵੇਗਾ ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।
ਜਸਵੰਤ ਜ਼ਫ਼ਰ ਅਤੇ ਸੀਨੀਅਰ ਪੱਤਰਕਾਰ ਵਾਲੀਆ ਦਾ ਹੋਵੇਗਾ ਸਨਮਾਨ
ਸਾਹਿਤ ਦੇ ਖੇਤਰ ਵਿੱਚ ਪੰਜਾਬ ਗੌਰਵ ਪੁਰਸਕਾਰ ਜਸਵੰਤ ਜ਼ਫਰ ਨੂੰ ਅਤੇ ਸਿਨੇਮਾ ਦੇ ਖੇਤਰ ਵਿੱਚ ਸਿਨਮੈਟੋਗਰਾਫਰ ਮਨਮੋਹਨ ਨੂੰ ਦਿੱਤਾ ਜਾਵੇਗਾ। ਰੰਗਮੰਚ ਦੇ ਖੇਤਰ ਵਿੱਚ ਡਾ. ਮਹਿੰਦਰ ਕੁਮਾਰ ਚੰਡੀਗੜ੍ਹ, ਸੰਗੀਤ ਦੇ ਖੇਤਰ ਵਿੱਚ ਭਾਈ ਬਲਦੀਪ ਸਿੰਘ ਦਿੱਲੀ ਅਤੇ ਲਲਿਤ ਕਲਾ ਦੇ ਖੇਤਰ ਵਿੱਚ ਡਾ. ਸੁਭਾਸ਼ ਪਰਿਹਾਰ, ਫਰੀਦਕੋਟ ਨੂੰ ਪੁਰਸਕਾਰ ਦਿੱਤੇ ਜਾਣਗੇ। ਮਾਤ ਭਾਸ਼ਾ ਦੇ ਖੇਤਰ ਵਿੱਚ ਦੋ ਪੁਰਸਕਾਰ ਨਾਵਲਕਾਰ ਜਸਬੀਰ ਮੰਡ ਅਤੇ ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਨੂੰ ਦਿੱਤੇ ਜਾ ਰਹੇ ਹਨ।