For the best experience, open
https://m.punjabitribuneonline.com
on your mobile browser.
Advertisement

ਪੰਜਾਬ ਕਿੰਗਜ਼ 11 ਸਾਲਾਂ ਬਾਅਦ IPL ਦੇ ਫਾਈਨਲ ਵਿਚ

08:33 AM Jun 02, 2025 IST
ਪੰਜਾਬ ਕਿੰਗਜ਼ 11 ਸਾਲਾਂ ਬਾਅਦ ipl ਦੇ ਫਾਈਨਲ ਵਿਚ
ਪੰਜਾਬ ਕਿੰਗਜ਼ ਦਾ ਕਪਤਾਨ ਸ਼੍ਰੇਅਸ ਅੱਈਅਰ ਤੇ ਟੀਮ ਦੇ ਹੋਰ ਖਿਡਾਰੀ ਦੂਜਾ ਕੁਆਲੀਫਾਇਰ ਜਿੱਤਣ ਮਗਰੋਂ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੂੰ ਮਿਲਦੇ ਹੋਏ। ਫੋਟੋ: ਪੀਟੀਆਈ
Advertisement

ਅਹਿਮਦਾਬਾਦ, 2 ਜੂਨ

Advertisement

ਕਪਤਾਨ ਸ਼੍ਰੇਅਸ ਅੱਈਅਰ ਦੀਆਂ 41 ਗੇਂਦਾਂ ਵਿਚ ਨਾਬਾਦ 87 ਦੌੜਾਂ ਦੀ ਬਦੌਲਤ ਪੰਜਾਬ ਕਿੰਗਜ਼ (PBKS) ਦੀ ਟੀਮ ਦੂਜੇ ਕੁਆਲੀਫਾਇਰ ਵਿਚ ਐਤਵਾਰ ਰਾਤੀਂ ਮੁੰਬਈ ਇੰਡੀਅਨਜ਼ (MI) ਨੂੰ ਪੰਜ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (IPL) ਫਾਈਨਲ ਵਿਚ ਪਹੁੰਚ ਗਈ ਹੈ। ਮੁੰਬਈ ਇੰਡੀਅਨਜ਼ ਦੀ ਹਾਰ ਨਾਲ ਇਹ ਵੀ ਪੱਕਾ ਹੋ ਗਿਆ ਕਿ ਆਈਪੀਐੱਲ ਨੂੰ ਇਸ ਸੀਜ਼ਨ ਵਿਚ ਨਵਾਂ ਚੈਂਪੀਅਨ ਮਿਲੇਗਾ। ਹੁਣ ਤਿੰਨ ਜੂਨ ਨੂੰ ਇਸੇ ਮੈਦਾਨ ’ਤੇ ਖੇਡੇ ਜਾਣ ਵਾਲੇ ਫਾਈਨਲ ਵਿਚ ਪੰਜਾਬ ਦਾ ਟਾਕਰਾ ਰੌਇਲ ਚੈਲੇਂਜਰਜ਼ ਬੰਗਲੂਰੂ ਨਾਲ ਹੋਵੇਗਾ। ਦੋਵਾਂ ਟੀਮਾਂ ਨੇ 18 ਸਾਲਾਂ ਵਿਚ ਇਕ ਵੀ ਖਿਤਾਬ ਨਹੀਂ ਜਿੱਤਿਆ ਹੈ।

Advertisement
Advertisement

ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕ ਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਪੰਜਾਬ ਦੀ ਜਿੱਤ ਮਗਰੋਂ ਟੀਮ ਦੇ ਖਿਡਾਰੀਆਂ ਨਾਲ ਜਿੱਤ ਦਾ ਜਸ਼ਨ ਮਨਾਉਂਦੀ ਹੋਈ। ਫੋਟੋ: ਪੀਟੀਆਈ

ਪਿਛਲੇ ਸਾਲ ਆਪਣੀ ਕਪਤਾਨੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਖਿਤਾਬ ਦਿਵਾਉਣ ਵਾਲੇ ਸ਼੍ਰੇਅਸ ਨੇ ਦਬਾਅ ਵਾਲੇ ਪਲਾਂ ਵਿਚ ਸ਼ਾਨਦਾਰ ਪਾਰੀ ਖੇਡਦੇ ਹੋਏ 11 ਸਾਲਾਂ ਵਿਚ ਪਹਿਲੀ ਵਾਰ ਪੰਜਾਬ ਨੂੰ ਫਾਈਨਲ ਵਿਚ ਪਹੁੰਚਾਇਆ। ਮੁੰਬਈ ਦੇ ਖਤਰਨਾਕ ਗੇਂਦਰਾਜ਼ੀ ਹਮਲੇ ਦੇ ਅੱਗੇ ਜਿੱਤ ਲਈ ਮਿਲਿਆ 204 ਦੌਡਾਂ ਦਾ ਟੀਚਾ ਸੌਖਾ ਨਹੀਂ ਸੀ, ਪਰ ਸ਼੍ਰੇਅਸ ਨੇ ਹਮਲਾਵਰ ਬੱਲੇਬਾਜ਼ੀ ਦੀ ਨਵੀਂ ਪਰਿਭਾਸ਼ਾ ਘੜੀ। ਉਸ ਨੇ ਅੱਠ ਛੱਕਿਆਂ ਤੇ ਪੰਜ ਚੌਕਿਆਂ ਦੀ ਮਦਦ ਨਾਲ ਨਾਬਾਦ 87 ਦੌੜਾਂ ਬਣਾਈਆਂ ਜਿਸ ਦੀ ਮਦਦ ਨਾਲ ਪੰਜਾਬ ਕਿੰਗਜ਼ ਨੇ ਪੰਜ ਵਿਕਟਾਂ ’ਤੇ 207 ਦੌੜਾਂ ਬਣਾਈਆਂ। ਸ਼੍ਰੇਅਸ ਨੇ 19ਵੇਂ ਓਵਰ ਦੀ ਆਖਰੀ ਗੇਂਦ ’ਤੇੇ ਛੱਕਾ ਜੜ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਮੈਦਾਨ ’ਤੇ ਮੌਜੂਦ ਪੰਜਾਬ ਕਿੰਗਜ਼ ਦੇ ਖਿਡਾਰੀ ਤੇ ਹੋਰ ਸਹਾਇਕ ਸਟਾਫ਼ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਫੋਟੋ: ਪੀਟੀਆਈ

ਇਸ ਤੋਂ ਪਹਿਲਾਂ ਮੀਂਹ ਕਰਕੇ ਮੈਚ ਢਾਈ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਜਸਪ੍ਰੀਤ ਬੁਮਰਾਹ ਦੀ ਖਰਾਬ ਲੈਅ ਮੁੰਬਈ ਲਈ ਮਹਿੰਗੀ ਸਾਬਤ ਹੋਈ। ਬੁਮਰਾਹ ਨੇ ਚਾਰ ਓਵਰਾਂ ਵਿੱਚ 40 ਦੌੜਾਂ ਦਿੱਤੀਆਂ ਅਤੇ ਇੱਕ ਵੀ ਵਿਕਟ ਨਹੀਂ ਲੈ ਸਕਿਆ। ਇਸ ਤੋਂ ਇਲਾਵਾ ਮੁੰਬਈ ਦੀ ਫੀਲਡਿੰਗ ਵੀ ਬਹੁਤ ਮਾੜੀ ਸੀ ਅਤੇ ਨੇਹਲ ਵਢੇਰਾ (48) ਨੂੰ ਦੋ ਜੀਵਨਦਾਨ ਦੇਣਾ ਮਹਿੰਗਾ ਸਾਬਤ ਹੋਇਆ। ਨਮਨ ਧੀਰ ਨੇ ਮਿਸ਼ੇਲ ਸੈਂਟਨਰ ਦਾ ਆਸਾਨ ਕੈਚ ਛੱਡਿਆ ਜਦੋਂ ਕਿ ਟਰੈਂਟ ਬੋਲਟ ਨੇ ਹਾਰਦਿਕ ਪੰਡਿਆ ਦੇ ਓਵਰ ਵਿੱਚ ਫਾਈਨ ਲੈੱਗ 'ਤੇ ਵਢੇਰਾ ਦਾ ਕੈਚ ਛੱਡਿਆ ਜਦੋਂ ਉਹ 13 ਦੌੜਾਂ ’ਤੇ ਖੇਡ ਰਿਹਾ ਸੀ। ਵਢੇਰਾ ਨੇ ਇਸ ਦਾ ਫਾਇਦਾ ਉਠਾਇਆ ਅਤੇ 29 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਉਸ ਨੇ ਕਪਤਾਨ ਸ਼੍ਰੇਅਸ ਨਾਲ ਚੌਥੀ ਵਿਕਟ ਲਈ 84 ਦੌੜਾਂ ਵੀ ਜੋੜੀਆਂ।

ਪੰਜਾਬ ਕਿੰਗਜ਼ ਕੋਲੋਂ ਆਈਪੀਐੱਲ ਮੈਚ ਵਿਚ ਮਿਲੀ ਹਾਰ ਮਗਰੋਂ ਮਾਯੂਸ ਨਜ਼ਰ ਆ ਰਹੇ ਮੁੰਬਈ ਇੰਡੀਅਨਜ਼ ਫਰੈਂਚਾਇਜ਼ੀ ਦੇ ਮਾਲਕ ਨੀਤਾ ਅੰਬਾਨੀ ਤੇ ਆਕਾਸ਼ ਅੰਬਾਨੀ। ਫੋਟੋ: ਪੀਟੀਆਈ

ਬੋਲਟ ਨੇ ਪ੍ਰਭਸਿਮਰਨ ਸਿੰਘ (6) ਨੂੰ ਜਲਦੀ ਆਊਟ ਕਰ ਦਿੱਤਾ ਜਦੋਂ ਕਿ ਪ੍ਰਿਯਾਂਸ਼ ਆਰੀਆ (20) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕਿਆ। ਇਸ ਤੋਂ ਬਾਅਦ ਜੋਸ਼ ਇੰਗਲਿਸ (21 ਗੇਂਦਾਂ ਵਿੱਚ 38 ਦੌੜਾਂ) ਨੇ ਆਪਣੀ ਟੀਮ ਨੂੰ ਸ਼ੁਰੂਆਤੀ ਦਬਾਅ ’ਚੋਂ ਬਾਹਰ ਕੱਢਿਆ। ਇੰਗਲਿਸ ਨੇ ਬੁਮਰਾਹ ਦੇ ਛੇਵੇਂ ਓਵਰ ਵਿੱਚ ਦੋ ਛੱਕੇ ਅਤੇ ਦੋ ਚੌਕੇ ਲਗਾ ਕੇ 20 ਦੌੜਾਂ ਬਣਾਈਆਂ। ਪੰਜਾਬ ਦੀਆਂ 72 ਦੌੜਾਂ ’ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ, ਸ਼੍ਰੇਅਸ ਅਤੇ ਵਢੇਰਾ ਨੇ ਜ਼ਿੰਮੇਵਾਰੀ ਸੰਭਾਲੀ। ਸ਼੍ਰੇਅਸ ਨੇ 13ਵੇਂ ਓਵਰ ਵਿੱਚ ਰੀਸ ਟੋਪਲੇ ਨੂੰ ਤਿੰਨ ਛੱਕੇ ਲਗਾ ਕੇ ਜਿੱਤ ਦਾ ਰਾਹ ਆਸਾਨ ਬਣਾ ਦਿੱਤਾ।

ਮੁੰਬਈ ਇੰਡੀਅਨਜ਼ ਦਾ ਕਪਤਾਨ ਹਾਰਦਿਕ ਪੰਡਿਆ ਪੰਜਾਬ ਕਿੰਗਜ਼ ਦੇ ਆਪਣੇ ਹਮਰੁਤਬਾ ਸ਼੍ਰੇਅਸ ਅੱਈਅਰ ਨੂੰ ਮੈਚ ਜਿੱਤਣ ਲਈ ਵਧਾਈ ਦਿੰਦਾ ਹੋਇਆ। ਫੋਟੋ: ਪੀਟੀਆਈ

ਇਸ ਤੋਂ ਪਹਿਲਾਂ, ਮੁੰਬਈ ਇੰਡੀਅਨਜ਼ ਨੇ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਦੀ ਅਗਵਾਈ ਵਾਲੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਛੇ ਵਿਕਟਾਂ 'ਤੇ 203 ਦੌੜਾਂ ਬਣਾਈਆਂ। ਕਰੀਬ ਢਾਈ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਏ ਮੈਚ ਵਿੱਚ ਇੱਕ ਵੀ ਓਵਰ ਨਹੀਂ ਘਟਾਇਆ ਗਿਆ। ਮੁੰਬਈ ਲਈ, ਜੌਨੀ ਬੇਅਰਸਟੋ (38), ਤਿਲਕ ਵਰਮਾ (44) ਅਤੇ ਸੂਰਿਆਕੁਮਾਰ (44) ਨੇ ਵੱਡੇ ਸਕੋਰ ਦੀ ਨੀਂਹ ਰੱਖੀ। ਨਮਨ ਧੀਰ ਨੇ ਵੀ 18 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਟੀਮ ਨੂੰ 200 ਦੌੜਾਂ ਦੇ ਪਾਰ ਪਹੁੰਚਾਇਆ।

ਰੋਹਿਤ ਸ਼ਰਮਾ (ਅੱਠ) ਪਿਛਲੇ ਮੈਚ ਵਾਂਗ ਮਿਲੇ ਜੀਵਨਦਾਨ ਦਾ ਫਾਇਦਾ ਨਹੀਂ ਉਠਾ ਸਕਿਆ। ਤੀਜੇ ਓਵਰ ਵਿੱਚ, ਅਜ਼ਮਤਉੱਲਾ ਉਮਰਜ਼ਈ ਨੇ ਕਾਇਲ ਜੈਮੀਸਨ ਨੂੰ ਆਪਣਾ ਮੁਸ਼ਕਲ ਕੈਚ ਛੱਡ ਦਿੱਤਾ। ਹਾਲਾਂਕਿ, ਅਗਲੇ ਓਵਰ ਵਿੱਚ, ਰੋਹਿਤ ਆਪਣਾ ਮਨਪਸੰਦ ਪੂਲ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਮਾਰਕਸ ਸਟੋਇਨਿਸ ਦੀ ਗੇਂਦ ’ਤੇ ਡੀਪ ਸਕੁਏਅਰ ਲੈੱਗ ’ਤੇ ਵਿਸ਼ਾਕ ਵਿਜੇਕੁਮਾਰ ਨੂੰ ਕੈਚ ਦੇ ਦਿੱਤਾ। ਸ਼ੁਰੂਆਤੀ ਝਟਕੇ ਤੋਂ ਨਿਰਾਸ਼, ਮੁੰਬਈ ਨੇ ਪ੍ਰਤੀ ਓਵਰ ਦਸ ਦੌੜਾਂ ਦੀ ਦਰ ਨਾਲ ਸਕੋਰਬੋਰਡ ਜਾਰੀ ਰੱਖਿਆ। ਤਿਲਕ ਨੇ ਦੂਜੀ ਗੇਂਦ ’ਤੇ ਛੱਕਾ ਲਗਾਇਆ ਜਦੋਂ ਕਿ ਬੇਅਰਸਟੋ ਵੀ ਦੂਜੇ ਸਿਰੇ ਤੋਂ ਬਹੁਤ ਹਮਲਾਵਰ ਖੇਡ ਰਿਹਾ ਸੀ। ਦੋਵਾਂ ਨੇ ਦੂਜੀ ਵਿਕਟ ਲਈ 51 ਦੌੜਾਂ ਦੀ ਭਾਈਵਾਲੀ ਕੀਤੀ। ਮੁੰਬਈ ਨੇ ਪਾਵਰਪਲੇ ਵਿੱਚ ਛੇ ਓਵਰਾਂ ਵਿੱਚ ਇੱਕ ਵਿਕਟ ਲਈ 65 ਦੌੜਾਂ ਬਣਾਈਆਂ।

ਮੁੰਬਈ ਇੰਡੀਅਨਜ਼ ਦਾ ਇਕ ਖਿਡਾਰੀ ਟੀਮ ਦੇ ਕਪਤਾਨ ਹਾਰਦਿਕ ਪੰਡਿਆ ਨੂੰ ਦਿਲਾਸਾ ਦਿੰਦਾ ਹੋਇਆ। ਫੋਟੋ: ਪੀਟੀਆਈ

ਬੇਅਰਸਟੋ ਨੇ ਛੇਵੇਂ ਓਵਰ ਵਿੱਚ ਉਮਰਜ਼ਈ ਨੂੰ ਕਈ ਸ਼ਾਨਦਾਰ ਸ਼ਾਟ ਜੜ ਕੇ 15 ਦੌੜਾਂ ਬਣਾਈਆਂ। ਪਰ ਅਗਲੇ ਹੀ ਓਵਰ ਵਿੱਚ ਵਿਜੇਕੁਮਾਰ ਦੀ ਗੇਂਦ ’ਤੇ ਵਿਕਟਕੀਪਰ ਜੋਸ਼ ਇੰਗਲਿਸ ਨੇ ਉਸ ਦਾ ਕੈਚ ਫੜ ਲਿਆ। ਜਿਵੇਂ ਹੀ ਸੂਰਿਆਕੁਮਾਰ ਆਇਆ, ਪੰਜਾਬ ਨੇ ਗੇਂਦ ਸਪਿੰਨਰ ਯੁਜਵੇਂਦਰ ਚਾਹਲ ਨੂੰ ਸੌਂਪ ਦਿੱਤੀ, ਪਰ ਚਾਹਲ ਆਪਣੇ ਆਖਰੀ ਓਵਰ ਵਿੱਚ ਹੀ ਇੱਕ ਵਿਕਟ ਲੈਣ ਵਿੱਚ ਕਾਮਯਾਬ ਰਿਹਾ।

ਸੂਰਿਆਕੁਮਾਰ ਨੇ 26 ਗੇਂਦਾਂ ਵਿੱਚ 44 ਦੌੜਾਂ ਬਣਾਈਆਂ ਜਿਸ ਵਿੱਚ ਚਾਰ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਉਹ ਚਾਹਲ ਦੇ ਆਖਰੀ ਓਵਰ ਦੀ ਪੰਜਵੀਂ ਗੇਂਦ ’ਤੇ ਫਰੰਟ ਫੁੱਟ ਉੱਤੇ ਖੇਡਣ ਦੀ ਕੋਸ਼ਿਸ਼ ਵਿੱਚ ਡੀਪ ਮਿਡਵਿਕਟ ’ਤੇ ਨੇਹਲ ਵਢੇਰਾ ਦੇ ਹੱਥੋਂ ਕੈਚ ਆਊਟ ਹੋ ਗਿਆ। ਸੂਰਿਆਕੁਮਾਰ ਨੇ ਤਿਲਕ ਨਾਲ ਤੀਜੀ ਵਿਕਟ ਲਈ 72 ਦੌੜਾਂ ਜੋੜੀਆਂ। ਦੋ ਗੇਂਦਾਂ ਬਾਅਦ, ਤਿਲਕ ਵੀ ਪੈਵੇਲੀਅਨ ਵਾਪਸ ਪਰਤਿਆ, ਜਿਸਨੇ 29 ਗੇਂਦਾਂ ਵਿੱਚ ਦੋ ਛੱਕੇ ਅਤੇ ਦੋ ਚੌਕੇ ਲਗਾ ਕੇ 44 ਦੌੜਾਂ ਬਣਾਈਆਂ। ਉਹ ਕਾਇਲ ਜੈਮੀਸਨ ਦੀ ਗੇਂਦ ’ਤੇ ਮਿਡ-ਆਫ ਉੱਤੇ ਪ੍ਰਿਯਾਂਸ਼ ਆਰੀਆ ਹੱਥੋਂ ਕੈਚ ਆਊਟ ਹੋ ਗਿਆ। ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ 12 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। -ਪੀਟੀਆਈ

Advertisement
Author Image

Advertisement