ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਹਾਰਦਾ ਰਿਹੈ ਤੇ ਆਗੂ ਜਿੱਤਦੇ ਰਹੇ: ਨਵਜੋਤ ਸਿੱਧੂ

10:34 AM Dec 18, 2023 IST
ਮਹਿਰਾਜ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ।

ਮਨੋਜ ਸ਼ਰਮਾ/ਗੁਰਜੀਤ ਭੁੱਲਰ
ਮਹਿਰਾਜ (ਰਾਮਪੁਰਾ ਫੂਲ), 17 ਦਸੰਬਰ
ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਬਦਲਾਅ ਦੇ ਨਾਂ ’ਤੇ ਸੱਤਾ ’ਚ ਆਈ ਨਵੀਂ ਸਰਕਾਰ ਦੇ ਰਾਜ ਵਿੱਚ ਪੰਜਾਬ ’ਚ ਕੁਝ ਨਹੀਂ ਬਦਲਿਆ ਤੇ ਸਭ ਕੁਝ ਪਹਿਲਾਂ ਵਾਂਗ ਹੈ। ਉਨ੍ਹਾਂ ਕਿਹਾ ਕਿ ਲੀਡਰ ਹਮੇਸ਼ਾ ਜਿੱਤਦੇ ਰਹੇ ਹਨ ਤੇ ਪੰਜਾਬ ਹਮੇਸ਼ਾ ਹਾਰਦਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਜ਼ਰੂਰ ਜਿੱਤੇਗਾ ਤੇ ਇਸ ਜਿੱਤ ਲਈ ਉਨ੍ਹਾਂ ਨੂੰ ਇਕ ਵਫ਼ਾਦਾਰ ਆਗੂ ਦੀ ਲੋੜ ਹੈ। ਸਿੱਧੂ ਸਥਾਨਕ ਅਨਾਜ ਮੰਡੀ ਵਿਚ ਪਾਰਟੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ ਡੰਗ ਟਪਾਊ ਨੀਤੀਆਂ ਨਾਲ ਚੱਲ ਰਿਹਾ ਹੈ ਤੇ ਸਰਕਾਰ ਦਾ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਦਾਅਵਾ ਕਿ ਕਾਂਗਰਸ ਸਰਕਾਰ ਵੇਲੇ ਰੇਤੇ ਦੀ ਟਰਾਲੀ 3100 ਰੁਪਏ ’ਚ ਮਿਲਦੀ ਸੀ ਜੋ ਹੁਣ 21 ਹਜ਼ਾਰ ਰੁਪਏ ’ਚ ਵਿਕ ਰਹੀ ਹੈ। ਸੂਬੇ ਵਿੱਚ ਰੇਤ ਦਾ ਨਾਜਾਇਜ਼ ਖਣਨ ਸਿਖਰਾਂ ’ਤੇ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਪੁੱਜ ਰਿਹਾ ਹੈ ਜਿਸ ਦੀ ਸ਼ਿਕਾਇਤ ਉਹ ਕੌਮੀ ਗ੍ਰੀਨ ਟ੍ਰਿਬਿਊਨਲ ਨੂੰ ਕਰਨਗੇ। ਉਨ੍ਹਾਂ ਨੇ ਸਾਬਕਾ ਕਾਂਗਰਸੀ ਮੁੱਖ ਮੰਤਰੀਆਂ ਦੀ ਕਾਰਜਸ਼ੈਲੀ ਦੀ ਵੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼ਰਾਬ ਮਾਫੀਆ ਜ਼ੋਰਾਂ ’ਤੇ ਹੈ ਅਤੇ ਸ਼ਰਾਬ ਐੱਲ-1 ਦੇ ਲਾਇਸੈਂਸ ਧਨਾਢ ਚਹੇਤਿਆਂ ਨੂੰ ਦਿੱਤੇ ਗਏ ਹਨ। ਚੋਰਮੋਰੀਆਂ ਕਾਰਨ ਸੂਬੇ ਵਿੱਚ ਆਬਕਾਰੀ ਮਾਲੀਆ ਘੱਟ ਰਿਹਾ ਹੈ। ਸ੍ਰੀ ਸਿੱਧੂ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਵੇਲੇ 15 ਹਜ਼ਾਰ ਕਰੋੜ, ਕਾਂਗਰਸ ਵੇਲੇ 20 ਹਜ਼ਾਰ ਕਰੋੜ ਤੇ ਹੁਣ ਨਵੀਂ ਸਰਕਾਰ ਨੇ 35 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਸੂਬੇ ਨੂੰ ਦੀਵਾਲੀਆ ਹੋਣ ਵੱਲ ਧੱਕ ਦਿੱਤਾ ਹੈ। ਉਨ੍ਹਾਂ ਤਨਜ਼ ਕੱਸਿਆ ਕਿ ਭਗਵੰਤ ਮਾਨ ਸੱਤਾ ਹਾਸਲ ਕਰਨ ਤੋਂ ਪਹਿਲਾਂ ਕਹਿੰਦੇ ਸਨ ਕਿ ਜੇਕਰ ਸਰਕਾਰ ਲੋਕ ਪੱਖੀ ਹੋਵੇ ਤਾਂ ਧਰਨੇ ਮੁਜ਼ਾਹਰਿਆਂ ਦੀ ਜ਼ਰੂਰਤ ਨਹੀਂ ਹੁੰਦੀ ਪਰ ਸੂਬੇ ਵਿੱਚ 15 ਹਜ਼ਾਰ ਕੰਟਰੈਕਟ ਅਧਿਆਪਕ, ਈਟੀਟੀ ਤੇ ਕੰਪਿਊਟਰ ਅਧਿਆਪਕਾਂ ਤੋਂ ਇਲਾਵਾ ਪੀਆਰਟੀਸੀ ਮੁਲਾਜ਼ਮ ਧਰਨੇ ਪ੍ਰਦਰਸ਼ਨਾਂ ਦੇ ਰਾਹ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਨੋਟੀਫਿਕੇਸ਼ਨ ਨੂੰ ਇੱਕ ਸਾਲ ਬੀਤ ਗਿਆ ਹੈ, ਪਰ ਸਰਕਾਰ ਵਾਅਦਾਖ਼ਿਲਾਫੀ ’ਤੇ ਉਤਰ ਆਈ ਹੈ।
ਇਸ ਤੋਂ ਪਹਿਲਾਂ ਰੈਲੀ ਦੇ ਆਯੋਜਕ ਰਾਜਵੀਰ ਰਾਜਾ ਸਿੱਧੂ ਮਹਿਰਾਜ ਨੇ ਸ੍ਰੀ ਸਿੱਧੂ ਲਈ ਸਵਾਗਤੀ ਸ਼ਬਦ ਕਹੇ। ਰੈਲੀ ਵਿਚ ਪਾਰਟੀ ਆਗੂ ਨਾਜਰ ਸਿੰਘ ਮਾਨਸ਼ਾਹੀਆ, ਹਰਵਿੰਦਰ ਸਿੰਘ ਲਾਡੀ, ਰਮਿੰਦਰ ਸਿੰਘ ਆਂਵਲਾ, ਸੁਰਜੀਤ ਸਿੰਘ ਧੀਮਾਨ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਜਗਦੇਵ ਸਿੰਘ, ਰਾਜਾ ਅਟਵਾਲ, ਗੁਰਪ੍ਰੀਤ ਬੀਹਰਾ, ਜਤਿੰਦਰ ਪ੍ਰਧਾਨ, ਖੁਸ਼ੀ ਮੱਲੂਆਣਾ, ਗੁਰਮੀਤ ਢੀਂਡਸਾ, ਸਰਪੰਚ ਅਲਵੇਲ ਸਿੰਘ, ਲੱਖਾ ਸਰਪੰਚ, ਪਿੰਦਰ ਹਿੰਮਤਪੁਰਾ, ਰੂਪ ਸਿੰਘ ਕੋਠੇ ਮਹਾਂ ਸਿੰਘ, ਮਿੱਠੂ ਮਹਿਰਾਜ ਖੁਰਦ ਹਾਜ਼ਰ ਸਨ।

Advertisement

Advertisement