ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਾਰਿਆਂ ਲਈ ਸੰਘਰਸ਼ ਕਰ ਰਿਹੈ: ਡੱਲੇਵਾਲ

06:05 AM Jan 05, 2025 IST
ਢਾਬੀ ਗੁੱਜਰਾਂ ’ਚ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 4 ਜਨਵਰੀ
ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ 11 ਮਹੀਨਿਆਂ ਤੋਂ ਜਾਰੀ ਸੰਘਰਸ਼ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 40 ਦਿਨਾਂ ਤੋਂ ਜਾਰੀ ਮਰਨ ਵਰਤ ਦਰਮਿਆਨ ਅੱਜ ਢਾਬੀ ਗੁੱਜਰਾਂ ਬਾਰਡਰ ’ਤੇ ਕੀਤੀ ਗਈ ਕਿਸਾਨ ਮਹਾਪੰਚਾਇਤ ਇਤਿਹਾਸਕ ਹੋ ਨਿਬੜੀ। ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਇਥੇ ਕਿਸਾਨਾਂ ਦਾ ਲਾਮਿਸਾਲ ਇਕੱਠ ਹੋਇਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਾਲਤ ਗੰਭੀਰ ਹੋਣ ਦੇ ਬਾਵਜੂਦ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਪੂਰੇ ਦੇਸ਼ ਦੀ ਲੋੜ ਹੈ ਅਤੇ ਪੰਜਾਬ ਸਿਰਫ਼ ਆਪਣੇ ਲਈ ਨਹੀਂ ਸਗੋਂ ਪੂਰੇ ਮੁਲਕ ਦੇ ਕਿਸਾਨਾਂ ਲਈ ਸੰਘਰਸ਼ ਕਰ ਰਿਹਾ ਹੈ। ਮਹਾਪੰਚਾਇਤ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ, ਯੂਪੀ, ਬਿਹਾਰ, ਤਾਮਿਲਨਾਡੂ, ਕਰਨਾਟਕ ਅਤੇ ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸ਼ੁਭਕਰਨ ਸਿੰਘ ਬੱਲੋ ਨੂੰ ਵੀ ਯਾਦ ਕੀਤਾ ਗਿਆ। ਸਟੇਜ ਤੋਂ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ 10 ਜਨਵਰੀ ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਹੋਕਾ ਦਿੱਤਾ।

Advertisement

ਕਿਸਾਨੀ ਮੰਗਾਂ ਮਨਵਾਉਣ ਲਈ ਸ਼ਨਿਚਰਵਾਰ ਨੂੰ ਮਹਾਪੰਚਾਇਤ ਦੌਰਾਨ ਜੁੜੇ ਵੱਡੀ ਗਿਣਤੀ ਲੋਕ। -ਫੋਟੋਆਂ: ਰਾਜੇਸ਼ ਸੱਚਰ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਚੇਚੇ ਤੌਰ ’ਤੇ ਸਟੇਜ ਉਪਰ ਲਿਆਂਦਾ ਗਿਆ ਅਤੇ ਉਨ੍ਹਾਂ ਆਪਣੇ 11 ਮਿੰਟ ਦੇ ਭਾਸ਼ਣ ਦੌਰਾਨ ਕਿਹਾ ਕਿ ਇਹ ਇਕੱਲੇ ਪੰਜਾਬ ਦੀ ਨਹੀਂ ਸਗੋਂ ਸਾਰੇ ਸੂਬਿਆਂ ਦੀ ਲੜਾਈ ਹੈ ਜਿਸ ਕਰਕੇ ਸਭ ਥਾਈਂ ਸੰਘਰਸ਼ ਦੀ ਗੂੰਜ ਪੈਣੀ ਚਾਹੀਦੀ ਹੈ ਤਾਂ ਜੋ ਸਰਕਾਰ ਵੀ ਚਿੰਤਾ ’ਚ ਪੈ ਜਾਵੇ। ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਜਾਰੀ ਰੱਖਣ ਦਾ ਮੁੜ ਐਲਾਨ ਕਰਦਿਆਂ ਉਨ੍ਹਾਂ ਕਿਹਾ, ‘‘ਜਿੱਤਾਂਗੇ ਜਾਂ ਮਰਾਂਗੇ, ਦੋਵਾਂ ਵਿਚੋਂ ਇੱਕ ਤਾਂ ਕਰਾਂਗੇ।’’ ਡੱਲੇਵਾਲ ਨੇ ਕਿਹਾ ਕਿ ਦੇਸ਼ ’ਚ ਸੱਤ ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਜਾਨ ਤਾਂ ਇਸ ਦੇ ਮੁਕਾਬਲੇ ਤੁੱਛ ਜਿਹੀ ਹੈ। ਉਹ ਚਾਹੁੰਦੇ ਹਨ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨੀ ਬਚਾਉਣ ਲਈ ਐੱਮਐੱਸਪੀ ਬਹੁਤ ਜ਼ਰੂਰੀ ਹੈ ਜਿਸ ਲਈ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਲੜਾਈ ਜਿੱਤਣ ਲਈ ਪੂਰੀ ਤਾਕਤ ਲਗਾ ਦੇਣ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੀ ਸਮਾਪਤੀ ਮੌਕੇ ਦੂਜੇ ਰਾਜਾਂ ਦੇ ਕਿਸਾਨਾਂ ਨੇ ਅੰਦੋਲਨ ਕੁਝ ਹੋਰ ਦਿਨ ਜਾਰੀ ਰੱਖਣ ਲਈ ਆਖਿਆ ਸੀ ਜਿਸ ਦਾ ਹੁਣ ਉਹ ਉਲਾਂਭਾ ਵੀ ਲਾਹ ਰਹੇ ਹਨ। ਬੀਪੀ ਘੱਟ ਜਾਣ ਦੇ ਹਵਾਲੇ ਨਾਲ ਉਨ੍ਹਾਂ ਨੂੰ ਡਾਕਟਰਾਂ ਨੇ ਹੋਰ ਨਾ ਬੋਲਣ ਤੋਂ ਰੋਕਣਾ ਚਾਹਿਆ ਪਰ ਉਨ੍ਹਾਂ ਇਸ ਦੀ ਪਰਵਾਹ ਨਾ ਕੀਤੀ। ਖੁਦਕੁਸ਼ੀਆਂ ਦੇ ਮਾਮਲੇ ’ਤੇ ਉਹ ਭਾਵੁਕ ਵੀ ਹੋ ਗਏ ਸਨ। ਇੱਕ ਵਾਰ ਉਹ ਪਾਣੀ ਪੀਣ ਲਈ ਵੀ ਰੁਕੇ। ਅਖੀਰ ਉਨ੍ਹਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੁਖਜੀਤ ਹਰਦੋਝੰਡੇ, ਦਿਲਬਾਗ ਹਰੀਗੜ੍ਹ, ਸੁਰਜੀਤ ਫੂਲ, ਸਤਿਨਾਮ ਬਹਿਰੂ, ਅਮਰਜੀਤ ਮੋਹੜੀ, ਰਣ ਸਿੰਘ ਚੱਠੇ, ਇੰਦਰਜੀਤ ਕੋਟਬੁੱਢਾ, ਲਖਵਿੰਦਰ ਔਲਖ, ਅਭਿਮੰਨਿਊ ਕੋਹਾੜ, ਗੁਰਦਾਸ ਸਿੰਘ, ਰਜਿੰਦਰ ਚਹਿਲ, ਬਲਦੇਵ ਸਿਰਸਾ, ਸੁਖਦੇਵ ਭੋਜਰਾਜ, ਸੁਖਜਿੰਦਰ ਖੋਸਾ, ਲੱਖਾ ਸਿਧਾਣਾ, ਭਾਨਾ ਸਿੱਧੂ, ਅਮਿਤੋਜ ਮਾਨ ਆਦਿ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ, ਜਿਨ੍ਹਾਂ ਵਿਚੋਂ ਕਈਆਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਸਟੇਜ ਤੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਜਾਂ ਯੂਕਰੇਨ ਨੂੰ ਤਾਂ ਇਹ ਕਹਿੰਦੇ ਹਨ ਕਿ ਵੱਡੇ ਤੋਂ ਵੱਡੇ ਮਸਲੇ ਵੀ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ ਪਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਸਰਕਾਰ ਗੱਲ ਨਹੀਂ ਕਰਦੀ ਹੈ।

ਖਨੌਰੀ ਬਾਰਡਰ ’ਤੇ ਕਿਸਾਨ ਮਹਾਪੰਚਾਇਤ ਦੌਰਾਨ ਜੁੜੇ ਵੱਡੀ ਗਿਣਤੀ ਕਿਸਾਨ। -ਫੋਟੋ: ਰਾਜੇਸ਼ ਸੱਚਰ

ਸਾਡੇ ਕੋਲ ਦੋ ਸਾਮਰਾਜਾਂ ਨੂੰ ਹਰਾਉਣ ਦਾ ਤਜਰਬਾ: ਪੰਧੇਰ

ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਤੇ ਇਥੋਂ ਦੇ ਲੋਕ ਮਰਨ ਤੋੋਂ ਨਹੀਂ ਡਰਦੇ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਦੋ ਸਾਮਰਾਜਾਂ ਨੂੰ ਹਰਾਉਣ ਦਾ ਤਜਰਬਾ ਹੈ। ਅਸੀਂ ਐੱਮਐੱਸਪੀ ਗਾਰੰਟੀ ਦਾ ਕਾਨੂੰਨ ਬਣਵਾ ਕੇ ਰਹਾਂਗੇ। ਸਾਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿਉ, ਨਹੀਂ ਤਾਂ ਵਾਅਦਾ ਹੈ ਕਿ ਅਸੀਂ ਇਥੋਂ ਜਿੱਤ ਕੇ ਹੀ ਪਰਤਾਂਗੇ।’’ ਇਸ ਮੌਕੇ ਕਿਸਾਨ ਆਗੂ ਨੇ ਬਾਕੀ ਜਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।

Advertisement

ਮਹਾਪੰਚਾਇਤ ਲਈ ਜਾ ਰਹੀਆਂ ਤਿੰਨ ਬੱਸਾਂ ਹਾਦਸਾਗ੍ਰਸਤ, 3 ਹਲਾਕ

ਬਲਵੀਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ

ਬਰਨਾਲਾ/ਬਠਿੰਡਾ (ਰਵਿੰਦਰ ਰਵੀ/ਮਨੋਜ ਸ਼ਰਮਾ):ਖਨੌਰੀ ਤੇ ਹਰਿਆਣਾ ਦੇ ਕਸਬਾ ਟੋਹਾਣਾ ’ਚ ਕਿਸਾਨ ਮਹਾਪੰਚਾਇਤਾਂ ਵਿੱਚ ਸ਼ਾਮਲ ਹੋਣ ਲਈ ਪਿੰਡ ਕੋਠਾ ਗੁਰੂ ਤੇ ਪਿੰਡ ਦਿਓਨ ਤੋਂ ਜਾ ਰਹੇ ਕਿਸਾਨਾਂ ਦੀਆਂ ਤਿੰਨ ਬੱਸਾਂ ਅੱਜ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਨ੍ਹਾਂ ਹਾਦਸਿਆਂ ’ਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ, ਜਦਕਿ 68 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਬਰਨਾਲਾ ਨੇੜੇ ਸੜਕ ਹਾਦਸੇ ਵਿੱਚ ਕਿਸਾਨਾਂ ਨਾਲ ਭਰੀਆਂ ਦੋ ਬੱਸਾਂ ਪਲਟਣ ਕਾਰਨ ਤਿੰਨ ਕਿਸਾਨ ਬੀਬੀਆਂ ਦੀ ਮੌਤ ਅਤੇ 65 ਤੋਂ ਵੱਧ ਕਿਸਾਨਾਂ ਦੇ ਜ਼ਖਮੀ ਹੋ ਗਏ। ਕਸਬਾ ਭਗਤਾ ਭਾਈਕਾ ਨੇੜੇ ਪਿੰਡ ਕੋਠਾ ਗੁਰੂ (ਬਠਿੰਡਾ) ਤੋਂ ਬੀਕੇਯੂ ਉਗਰਾਹਾਂ ਦੇ 54 ਵਰਕਰ ਬੱਸ ਵਿੱਚ ਸਵਾਰ ਹੋ ਕੇ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਕਿਸਾਨਾਂ ਦੀ ਇਹ ਬੱਸ ਬਠਿੰਡਾ-ਜ਼ੀਰਕਪੁਰ ਹਾਈਵੇ-7 ਬਰਨਾਲਾ ਬਾਈਪਾਸ ਪੁੱਜੀ ਤਾਂ ਸੰਘਣੀ ਧੁੰਦ ਹੋਣ ਕਾਰਨ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਪਿੰਡ ਕੋਠਾ ਗੁਰੂ ਨਾਲ ਸਬੰਧਤ ਬਲਵੀਰ ਕੌਰ (65) ਪਤਨੀ ਬੰਤ ਸਿੰਘ, ਸਰਬਜੀਤ ਕੌਰ (60) ਪਤਨੀ ਸੁੱਖਾ ਸਿੰਘ ਅਤੇ ਜਸਵੀਰ ਕੌਰ (70) ਪਤਨੀ ਜੀਤ ਸਿੰਘ ਦੀ ਮੌਤ ਹੋ ਗਈ ਅਤੇ 35 ਤੋਂ ਵਧੇਰੇ ਕਿਸਾਨ ਜ਼ਖਮੀ ਹੋ ਗਏ। ਮੌਕੇ ’ਤੇ ਪੁੱਜੇ ਲੋਕਾਂ ਨੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਸਿਵਲ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ 15 ਦੇ ਕਰੀਬ ਗੰਭੀਰ ਜ਼ਖਮੀਆਂ ਨੂੰ ਏਮਜ਼ ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈੱਫਰ ਕੀਤਾ ਗਿਆ। ਦੂਜਾ ਹਾਦਸਾ ਬਰਨਾਲਾ-ਬਾਜਾਖਾਨਾ ਰੋਡ ’ਤੇ ਸੋਹਲ ਪੱਤੀ ਨੇੜਲੇ ਜ਼ਿਲ੍ਹਾ ਜੇਲ੍ਹ ਕੋਲ ਵਾਪਰਿਆ ਜਿੱਥੇ ਭਾਕਿਯੂ ਸਿੱਧੂਪੁਰ ਦੀ ਡੱਲੇਵਾਲ ਦੇ ਕਿਸਾਨ ਵਰਕਰਾਂ ਨਾਲ ਭਰੀ ਹੋਈ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ।

ਬਰਨਾਲਾ-ਬਠਿੰਡਾ ਹਾਈਵੇਅ ’ਤੇ ਪਲਟੀ ਹੋਈ ਬੱਸ।

ਇਸ ਹਾਦਸੇ ’ਚ ਜ਼ਖ਼ਮੀ ਹੋਏ 30 ਵੱਧ ਕਿਸਾਨਾਂ ਨੂੰ ਬਰਨਾਲਾ ਦੇ ਜ਼ਿਲ੍ਹਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਕਿਸਾਨ ਖਨੌਰੀ ਮਹਾਪੰਚਾਇਤ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ।ਤੀਜਾ ਹਾਦਸਾ ਬਠਿੰਡਾ ਜ਼ਿਲ੍ਹੇ ਦੇ ਮਾਨਸਾ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਜਿੱਥੇ ਪਿੰਡ ਦਿਓਨ ਤੋਂ 23-24 ਕਿਸਾਨਾਂ ਨੂੰ ਲਿਜਾ ਰਹੀ ਮਿਨੀ ਬੱਸ ਫੁਟਪਾਥ ’ਤੇ ਚੜ੍ਹਨ ਮਗਰੋਂ ਸੰਤੁਲਨ ਵਿਗੜਨ ਕਾਰਨ ਪਲਟ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖ਼ਮੀ ਹੋ ਗਏ। ਕਿਸਾਨ ਆਗੂ ਜਗਸੀਰ ਸਿੰਘ ਝੰਬਾ ਨੇ ਦੱਸਿਆ ਕਿ ਜ਼ਖ਼ਮੀ ਕਿਸਾਨਾਂ ਸਾਧੂ ਸਿੰਘ, ਘੁੱਦਾ ਸਿੰਘ ਅਤੇ ਦਰਸ਼ਨ ਸਿੰਘ ਨੂੰ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਕਈ ਜਣਿਆਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ।

ਕਿਸਾਨਾਂ ਦਾ ਇਲਾਜ ਸਰਕਾਰੀ ਖਰਚੇ ’ਤੇ ਕਰਾਉਣ ਦੀ ਮੰਗ

ਬਠਿੰਡਾ (ਸ਼ਗਨ ਕਟਾਰੀਆ): ਬਠਿੰਡਾ ਦੇ ਏਮਜ਼ ’ਚ ਕਿਸਾਨਾਂ ਨੂੰ ਦਾਖਲ ਕਰਵਾਏ ਜਾਣ ਦੀ ਸੂਚਨਾ ਮਿਲਣ ’ਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂ ਮੌਕੇ ’ਤੇ ਪੁੱਜੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬੀਕੇਯੂ (ਉਗਰਾਹਾਂ) ਦੇ ਆਗੂ ਹੁਸ਼ਿਆਰ ਸਿੰਘ ਅਤੇ ਗੁਰਜੰਟ ਸਿੰਘ ਚੱਕ ਫ਼ਤਿਹ ਸਿੰਘ ਵਾਲਾ ਦੇ ਦੱਸਿਆ ਕਿ ਗੰਭੀਰ ਜ਼ਖ਼ਮੀਆਂ ’ਚ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਤੋਂ ਇਲਾਵਾ ਕਰਮਜੀਤ ਸਿੰਘ, ਜਸਪ੍ਰੀਤ ਕੌਰ, ਕੁਲਜੀਤ ਕੌਰ, ਦਰਸ਼ਨ ਸਿੰਘ, ਸੁਖਦੇਵ ਸਿੰਘ ਅਤੇ ਰਾਜਦੀਪ ਸਿੰਘ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਥੇਬੰਦਕ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਕੋਲ ਰੋਸ ਜਤਾਏ ਜਾਣ ਮਗਰੋਂ ਐੱਸਡੀਐੱਮ ਬਠਿੰਡਾ ਬਲਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਸੰਗਤ ਮੰਡੀ ਏਮਜ਼ ਪਹੁੰਚੇ। ਜ਼ਖ਼ਮੀਆਂ ਦਾ ਸਰਕਾਰੀ ਖਰਚੇ ’ਤੇ ਇਲਾਜ ਕਰਾਉਣ ਦੀ ਮੰਗ ਕੀਤੇ ਜਾਣ ’ਤੇ ਐੱਸਡੀਐੱਮ ਨੇ ਮੌਕੇ ’ਤੇ ਹਾਜ਼ਰ ਰੈੱਡ ਕਰਾਸ ਦੇ ਕਰਮਚਾਰੀਆਂ ਨੂੰ ਦਵਾਈਆਂ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ।

Advertisement