ਪੰਜਾਬ ਬੌਧਿਕ ਪੱਖ ਤੋਂ ਪੱਛੜ ਰਿਹੈ: ਸਵਰਾਜ ਸਿੰਘ
ਖੇਤਰੀ ਪ੍ਰਤੀਨਿਧ
ਸੰਗਰੂਰ, 5 ਜਨਵਰੀ
ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਬੌਧਿਕ ਪੱਖ ਤੋਂ ਪੱਛੜ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹ ਆਲੋਚਕ ਸਾਹਿਤ ਰਤਨ ਡਾ. ਤੇਜਵੰਤ ਮਾਨ ਦੇ 82ਵੇਂ ਜਨਮ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਸਮਾਗਮ ’ਚ ਸੰਬੋਧਨ ਕਰ ਰਹੇ ਸਨ। ਇਸ ਮੌਕੇ ਡਾ. ਸਵਰਾਜ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਅੱਜ ਪੰਜਾਬ ਬੌਧਿਕ ਅਗਵਾਈ ਤੋਂ ਵਾਂਝਾ ਹੈ ਅਤੇ ਬੌਧਿਕ ਕੰਗਾਲੀ ਦੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੁੱਧੀਜੀਵੀ ਜ਼ਿਆਦਾਤਰ ਦੋ ਧਿਰਾਂ ਵਿੱਚ ਵੰਡੇ ਹੋਏ ਹਨ ਤੇ ਇਹ ਦੋਵੇਂ ਇੱਕ ਦੂਜੇ ਨੂੰ ਬੇਅਸਰ ਕਰ ਰਹੇ ਹਨ। ਪ੍ਰਧਾਨਗੀ ਮੰਡਲ ਵਿਚ ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ ਅਤੇ ਡਾ. ਰਣਜੋਧ ਸਿੰਘ ਸ਼ਾਮਲ ਹੋਏ। ਇਸ ਮੌਕੇ ਡਾ. ਇਕਬਾਲ ਸਿੰਘ, ਅਮਰ ਗਰਗ ਕਲਮਦਾਨ, ਬਲਰਾਜ ਬਾਜੀ, ਪ੍ਰਿੰਸੀਪਲ ਪ੍ਰੇਮ ਲਤਾ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਨਿਹਾਲ ਸਿੰਘ ਮਾਨ, ਸੁਰਿੰਦਪਾਲ ਸਿੰਘ ਸਿਦਕੀ, ਕਰਨੈਲ ਸਿੰਘ ਤੇ ਅਨੋਖ ਸਿੰਘ ਵਿਰਕ ਆਦਿ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਅੱਜ ਦੀ ਸਭਾ ਵਿੱਚ ਅਜਿਹੀ ਉਸਾਰੂ ਚਰਚਾ ਹੋਈ ਹੈ ਜਿਸ ਵਿੱਚ ਕੌਮੀ ਤੇ ਕੌਮਾਂਤਰੀ ਸੰਦਰਭਾਂ ਨੂੰ ਵਿਚਾਰਿਆ ਗਿਆ।