For the best experience, open
https://m.punjabitribuneonline.com
on your mobile browser.
Advertisement

ਪੰਜਾਬ ਦਾ ਬਿਜਲੀ ਕੱਟਾਂ ਤੋਂ ਖਹਿਡ਼ਾ ਛੁੱਟਿਆ: ਭਗਵੰਤ ਮਾਨ

11:12 AM Jul 03, 2023 IST
ਪੰਜਾਬ ਦਾ ਬਿਜਲੀ ਕੱਟਾਂ ਤੋਂ ਖਹਿਡ਼ਾ ਛੁੱਟਿਆ  ਭਗਵੰਤ ਮਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 2 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਂਦੇ ਨੂੰ ਇਕ ਸਾਲ ਹੋ ਚੁੱਕਾ ਹੈ। ਪਹਿਲੇ ਸਾਲ ਦੌਰਾਨ ਸੂਬੇ ਦੇ 90 ਫ਼ੀਸਦ ਲੋਕਾਂ ਨੇ ਮੁਫ਼ਤ ਬਿਜਲੀ ਦਾ ਲਾਭ ਲਿਆ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੇ ਨਾਮ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਖ਼ਪਤਕਾਰਾਂ ਦੇ ਨਾਲ-ਨਾਲ ਦੇਸ਼ ਦੇ ਕਿਸਾਨਾਂ ਨੂੰ ਵੀ ਮੁਫ਼ਤ ਤੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀਬਾਡ਼ੀ ਲਈ ਬਿਨਾਂ ਕਿਸੇ ਕੱਟ ਤੋਂ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਾਵਰਕੌਮ ਨੂੰ ਘਾਟੇ ਵਿੱਚ ਵੀ ਨਹੀਂ ਜਾਣ ਦਿੱਤਾ ਜਦਕਿ ਪਿਛਲੀਆਂ ਸਰਕਾਰਾਂ ਵੇਲੇ ਦਾ ਸਰਕਾਰ ਵੱਲ ਪਾਵਰਕੌਮ ਦਾ ਵੱਡਾ ਬਕਾਇਆ ਖਡ਼੍ਹਾ ਸੀ। ਪਿਛਲੀ ਸਰਕਾਰਾਂ ਦੇ 9020 ਕਰੋਡ਼ ਰੁਪਏ ਸਬਸਿਡੀ ਦੇ ਬਕਾਇਆ ਸਨ ਜਿਸ ਲਈ ‘ਆਪ’ ਸਰਕਾਰ ਨੇ ਕਿਸ਼ਤਾਂ ਕਰਕੇ 1804 ਕਰੋਡ਼ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਘਰੇਲੂ ਖ਼ਪਤਕਾਰਾਂ ਤੇ ਹੋਰ ਸਬਸਿਡੀ ਦੇ ਕੁੱਲ 20,200 ਕਰੋਡ਼ ਰੁਪਏ ਵੀ ਅਦਾ ਕਰ ਦਿੱਤੇ ਹਨ। ਇਹ ਕਦਮ ਪਿਛਲੀਆਂ ਸਰਕਾਰਾਂ ਵਾਂਗ ਕਰਜ਼ਾ ਲੈ ਕੇ ਨਹੀਂ, ਸਗੋਂ ਖਜ਼ਾਨੇ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਿਨਾਂ ਕਿਸੇ ਰੁਕਾਵਟ ਤੋਂ ਬਿਜਲੀ ਸਪਲਾਈ ਕਰ ਰਹੀ ਹੈ।
ਸ੍ਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਪਛਵਾਡ਼ਾ ਕੋਲਾ ਖਾਣ ਨੂੰ ਮੁਡ਼ ਸ਼ੁਰੂ ਕੀਤਾ ਗਿਆ ਹੈ ਜੋ 2015 ਤੋਂ ਬੰਦ ਸੀ। ਇਸ ਕਾਰਨ ਪੰਜਾਬ ਕੋਲ ਅੱਜ ਕੋਲੇ ਦਾ 43 ਦਿਨਾਂ ਦਾ ਭੰਡਾਰ ਮੌਜੂਦ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਵਿੱਚ ਬਲੈਕਆਊਟ ਦਾ ਖਤਰਾ ਮੰਡਰਾਉਂਦਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਭਰ ਦੀਆਂ ਸਰਕਾਰਾਂ ਪੈਸੇ ਕਮਾਉਣ ਲਈ ਸਰਕਾਰੀ ਜਾਇਦਾਦਾਂ ਵੇਚ ਰਹੀਆਂ ਹਨ ਪਰ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦਾ ਫੈਸਲਾ ਕਰਕੇ ਉਲਟਾ ਰੁਝਾਨ ਸ਼ੁਰੂ ਕਰ ਦਿੱਤਾ ਹੈ।

Advertisement

‘ਭਾਜਪਾ ਝੂਠੇ ਵਾਅਦੇ ਕਰਦੀ ਹੈ, ਅਸੀਂ ਕਈ ਗਾਰੰਟੀਆਂ ਪੂਰੀਆਂ ਕੀਤੀਆਂ’
ਚੰਡੀਗਡ਼੍ਹ: ਆਮ ਆਦਮੀ ਪਾਰਟੀ (ਆਪ) ਨੇ ਅੱਜ ਛੱਤੀਸਗਡ਼੍ਹ ’ਚ ਚੋਣ ਪ੍ਰਚਾਰ ਲਈ ਬਿਗਲ ਵਜਾ ਦਿੱਤਾ ਹੈ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛਤੀਸਗਡ਼੍ਹ ਦੇ ਬਿਲਾਸਪੁਰ ’ਚ ਰੈਲੀ ਨੂੰ ਸੰਬੋਧਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਝੂਠੇ ਵਾਅਦੇ ਕਰਦੀ ਹੈ ਪਰ ਅਸੀਂ ਦਿੱਲੀ ਤੇ ਪੰਜਾਬ ’ਚ ਬਿਜਲੀ ਸਣੇ ਕਈ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ੳੁਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੂੰ ਵੇਚ ਰਹੀ ਹੈ ਜਦਕਿ ਪੰਜਾਬ ਵਿੱਚ ‘ਆਪ’ ਸਰਕਾਰ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਰਹੀ ਹੈ।

Advertisement
Tags :
Author Image

sukhwinder singh

View all posts

Advertisement
Advertisement
×