For the best experience, open
https://m.punjabitribuneonline.com
on your mobile browser.
Advertisement

ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹੈ ਮਤਰੇਈ ਮਾਂ ਵਾਲਾ ਸਲੂਕ: ਸਿਹਤ ਮੰਤਰੀ

10:44 AM Oct 13, 2024 IST
ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹੈ ਮਤਰੇਈ ਮਾਂ ਵਾਲਾ ਸਲੂਕ  ਸਿਹਤ ਮੰਤਰੀ
ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਂਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਕਤੂਬਰ
ਕੇਂਦਰ ਸਰਕਾਰ ’ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਾਉਂਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਅਜਿਹਾ ਰਝਾਨ ਘਾਤਕ ਹੈ, ਕਿਉਂਕਿ ਦੇਸ਼ ਦੀ ਹਕੂਮਤ ਲਈ ਸਾਰੇ ਸੂਬੇ ਇਕਸਾਰ ਹੁੰਦੇ ਹਨ। ਫੇਰ ਪੰਜਾਬ ਤਾਂ ਦੇਸ਼ ਭਰ ਦੇ ਲੋਕਾਂ ਦਾ ਢਿੱਡ ਅਤੇ ਕੇਂਦਰ ਸਰਕਾਰ ਦਾ ਖਜਾਨਾ ਭਰਨ ਲਈ ਜਾਣਿਆ ਜਾਂਦਾ ਹੈ। ਇਸ ਕਰਕੇ ਕਾਂ ਅੱਖ ਕੱਢਵੀਂ ਗਰਮੀ ਅਤੇ ਸਰਦ ਠੰਢੀਆਂ ਰਾਤਾਂ ’ਚ ਵੀ ਆਪਣੇ ਖੇਤਾਂ ’ਚ ਮਸ਼ਰੂਫ ਰਹਿਣ ਵਾਲ਼ੇ ਕਿਸਾਨ ਨਾਲ ਤਾਂ ਉੱਕਾ ਹੀ ਧ੍ਰੋਹ ਨਹੀਂ ਕਮਾਉਣਾ ਚਾਹੀਦਾ। ਉਹ ਅੱਜ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਨਾਜ ਮੰਡੀ ਪਟਿਆਲਾ ਵਿੱਚ ਪੁੱਜਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾ ਆੜ੍ਹਤੀ ਭਾਈਚਾਰਾ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸੈਣੀ, ਨਰੇਸ਼ ਮਿੱਤਲ, ਅਸ਼ੋਕ ਗੋਇਲ, ਚਰਨਦਾਸ ਗੋਇਲ, ਖਰਦਮਨ ਰਾਏ ਗੁਪਤਾ, ਦਵਿੰਦਰ ਬੱਗਾ, ਸਰਪੰਚ ਹਰਦੇਵ ਨੰਦਪੁਰ, ਪ੍ਰੇਮ ਚੰਦ ਬਾਂਸਲ, ਦਰਬਾਰਾ ਸਿੰਘ ਜਾਹਲਾਂ, ਨਰੇਸ਼ ਮਿੱਤਲ, ਤੀਰਥ ਬਾਂਸਲ, ਰਤਨ ਗੋਇਲ ਤੇ ਸੁਰੇਸ਼ ਡਕਾਲਾ ਆਦਿ ਆੜ੍ਹਤੀਆਂ ਦੇ ਨਾਲ ਮੀਟਿੰਗ ਵੀ ਕੀਤੀ। ਮੰਤਰੀ ਨੇ ਕਿਹਾ ਕਿ ਦੁਨੀਆਂ ਭਰ ’ਚ ਅਨਾਜ ਦੀ ਭਾਰੀ ਮੰਗ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸ਼ੈਲਰਾਂ ਅਤੇ ਗੁਦਾਮਾਂ ’ਚ ਪਿਆ ਅਨਾਜ਼ ਸਮੇਂ ਸਿਰ ਨਾ ਚੁੱਕਣ ਕਰਕੇ ਲਿਫਟਿੰਗ ਦੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਮੰਡੀਆਂ ਬੰਦ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਵਿਚਲੀ ਭਾਈਚਾਰਕ ਸਾਂਝ ਖਤਮ ਕਰਨਾ ਚਾਹੁੰਦੀ ਹੈ। ਪਰੰਤੂ ਪੰਜਾਬ ਸਰਕਾਰ, ਕਿਸਾਨਾਂ, ਮਜ਼ਦੂਰਾਂ, ਮਿੱਲਰਾਂ ਤੇ ਆੜ੍ਹਤੀ ਇੱਕ ਮੰਚ ’ਤੇ ਇਕੱਠੇ ਹਨ ਤੇ ਕੇਂਦਰ ਦੇ ਨਾਦਰਸ਼ਾਹੀ ਫੁਰਮਾਨ ਨਹੀਂ ਚੱਲਣ ਦਿੱਤੇ ਜਾਣਗੇ। ਕੇਂਦਰ ਵੱਲੋਂ ਢਾਈ ਸਾਲਾਂ ਤੋਂ ਮੰਡੀ ਬੋਰਡ ਦੇ ਫੰਡ ਰੋਕਣ ਕਰਕੇ ਅਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਨੇ ਮੰਡੀਆਂ ’ਚ ਨਵੇਂ ਫੜ੍ਹ, ਵੱਡੇ-ਵੱਡੇ ਸ਼ੈਡ, ਕਿਸਾਨਾਂ-ਮਜ਼ਦੂਰਾਂ ਲਈ ਪਖਾਨਿਆਂ ਤੇ ਆਰਾਮ ਘਰ ਬਣਾਉਣ ਦੀ ਤਜਵੀਜ਼ ਬਣਾਈ ਸੀ। ਪਟਿਆਲਾ ਜ਼ਿਲ੍ਹੇ ’ਚ 40 ਆਰਜ਼ੀ ਖਰੀਦ ਕੇਂਦਰ ਸਨ ਤੇ ਐਤਕੀ 109 ਮਨਜ਼ੂਰ ਕੀਤੇ ਗਏ ਹਨ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਪਹਿਲੀ ਅਕਤੂਬਰ ਤੋਂ ਸੂਬੇ ਅੰਦਰ ਕਿਸਾਨਾਂ ਦੀ ਜੀਰੀ ਦੀ ਫਸਲ ਦੇ ਸ਼ੂਰੂ ਹੋਏ ਖਰੀਦ ਸੀਜ਼ਨ ਦੇ ਚਲਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਲਹਿਰਾਗਾਗਾ ਦੀ ਅਨਾਜ ਮੰਡੀ ਵਿੱਚ ਪਹੁੰਚ ਕੇ ਖਰੀਦ ਪ੍ਰਬੰਧਾਂ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਵਿਸ਼ਵਾਸ ਦਵਾਇਆ ਕਿ ਖਰੀਦ ਕੇਂਦਰਾਂ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ਼ੈਲਰ ਮਾਲਕਾਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅੱਗੇ ਮੰਗ ਰੱਖੀ ਕਿ ਚਾਵਲ ਲਗਾਉਣ ਲਈ ਥਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਿਛਲੇ ਲੰਬੇ ਸਮੇਂ ਐੱਫਸੀਆਈ ਵੱਲੋਂ ਮੀਲਿੰਗ ਲਈ ਲਗਾਈ ਜੀਰੀ ਦੀ ਫ਼ਸਲ ਵਿੱਚੋਂ 67 ਕਿਲੋ ਚਾਵਲ ਲੈਣ ਦੀ ਸ਼ਰਤ ਨੂੰ ਹਟਾ ਕੇ 62 ਕਿਲੋ ਕੀਤਾ ਜਾਵੇ ਤਾਂ ਹੀ ਸ਼ੈਲਰ ਉਦਯੋਗ ਬਚ ਸਕਦਾ ਹੈ। ਦੂਜੇ ਪਾਸੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਕੈਬਨਿਟ ਮੰਤਰੀ ਗੋਇਲ ਨੂੰ ਆੜ੍ਹਤੀਆਂ ਦੀਆਂ ਮੰਗਾਂ ਤੇ ਮੁਸ਼ਕਲ ਬਾਰੇ ਦੱਸਦਿਆਂ ਹੱਲ ਕਰਵਾਉਣ ਦੀ ਮੰਗ ਕੀਤੀ।
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸ਼ੈਲਰ ਮਾਲਕਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਪਰ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਾਲ ਦਾ ਪੰਜਾਬ ਦੇ ਵੱਖ-ਵੱਖ ਸਟੋਰਾਂ ਵਿੱਚ 170 ਲੱਖ ਮੀਟਰਿਕ ਟਨ ਅਨਾਜ ਪਿਆ ਅਤੇ ਸ਼ੁਰੂ ਹੋਏ ਸੀਜ਼ਨ ਦੌਰਾਨ ਵੀ ਲਗਪਗ 125 ਲੱਖ ਮੀਟਰਿਕ ਟਨ ਅਨਾਜ ਆਉਣਾ ਹੈ, ਇਸ ਅਨਾਜ ਨੂੰ ਹੋਰਨਾਂ ਸੂਬਿਆਂ ਵਿੱਚ ਭੇਜਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ।

Advertisement

ਅਮਨ ਅਰੋੜਾ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਸੁਨਾਮ ਊਧਮ ਸਿੰਘ ਵਾਲਾ (ਬੀਰਇੰਦਰ ਸਿੰਘ ਬਨਭੌਰੀ): ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੇ ਨਵੀਂ ਅਨਾਜ ਮੰਡੀ ਵਿੱਚ ਹੀ ਆੜ੍ਹਤੀ ਐਸਸੀਏਸ਼ਨ ਅਤੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਇਕ ਮੀਟਿੰਗ ਕਰਦੇ ਹੋਏ ਉਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਐੱਫਸੀਆਈ ਵੱਲੋਂ ਝੋਨੇ ਵਿੱਚ ਨਮੀ ਦੀ ਪ੍ਰਤੀਸ਼ਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੁਹਰਾਇਆ ਕਿ ਸਾਰੇ ਕਿਸਾਨ ਵੀਰਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਅਨਾਜ ਮੰਡੀਆਂ ਵਿੱਚ ਕੇਵਲ 17% ਤੋਂ ਘੱਟ ਨਮੀ ਵਾਲੀ ਫਸਲ ਹੀ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਦੀ ਫਸਲ ਦੀ ਨਾਲੋ ਨਾਲ ਖਰੀਦ ਕੀਤੀ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ 17 % ਤੋਂ ਵੱਧ ਨਮੀ ਵਾਲੀ ਜੀਰੀ ਮੰਡੀਆਂ ਵਿੱਚ ਨਾ ਲਿਆਂਦੀ ਜਾਵੇ ਅਤੇ ਇਸ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸ਼ਾਮ 6 ਵਜੇ ਤੋਂ ਲੈ ਕੇ ਅਗਲੀ ਸਵੇਰ 10 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਵੀ ਬਿਲਕੁਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸੁੱਕੇ ਝੋਨੇ ਦੀ ਸਰਕਾਰੀ ਖਰੀਦ ਨਾਲੋਂ ਨਾਲ ਕਰਨ, ਲਿਫਟਿੰਗ ਅਤੇ ਭੰਡਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ।

Advertisement

Advertisement
Author Image

Advertisement