For the best experience, open
https://m.punjabitribuneonline.com
on your mobile browser.
Advertisement

ਪੰਜਾਬ ਖਾਲੀ ਹੋ ਰਿਹਾ

08:43 AM May 09, 2024 IST
ਪੰਜਾਬ ਖਾਲੀ ਹੋ ਰਿਹਾ
Advertisement

ਡਾ. ਡੀ.ਸੀ. ਵਾਤਿਸ਼

Advertisement

ਕੇਹੀ ਅਜੋਕੀ ਸਦੀ ਹੈ, ਪੰਜਾਬ ਖਾਲੀ ਹੋ ਰਿਹਾ।
ਮਾਝਾ ਮਾਲਵਾ ਦੁਆਬ ਖਾਲੀ ਹੋ ਰਿਹਾ।

ਰੋਜ਼ ਪਰਵਾਸ ਕਰਦੇ ਨੇ ਢਾਈ ਸੌ ਜਵਾਨ
ਅਰਥਚਾਰੇ ’ਚੋਂ ਹਿਸਾਬ, ਖਾਲੀ ਹੋ ਰਿਹਾ।

ਖੜ੍ਹੇ ਹੋ ਰਹੇ ਨੇ ਸਵਾਲਾਂ ਦੇ ਸਵਾਲ
ਉੱਤਰ ਪੱਤਰੀ ’ਚੋਂ ਇਸਦਾ ਜਵਾਬ, ਖਾਲੀ ਹੋ ਰਿਹਾ।

ਕਾਗ਼ਜ਼ੀ ਫੁੱਲਾਂ ਦੀ ਆਮਦ ਹੋ ਗਈ
ਮਹਿਕੋਂ ਅਸਲੀ ਗੁਲਾਬ, ਖਾਲੀ ਹੋ ਰਿਹਾ।

ਚਿਹਰਿਆਂ ਤੇ ਪਿਲੱਤਣ ਛਾ ਗਈ
ਪਹਿਲਾਂ ਜੇਹਾ ਸ਼ਬਾਬ, ਖਾਲੀ ਹੋ ਰਿਹਾ।

ਸੋਚਦੇ ਸਾਂ ਬਣੇਗਾ ਰੰਗਲਾ ਪੰਜਾਬ
ਲਿਆ ਸੀ ਜੋ ਖ਼ੁਆਬ, ਖਾਲੀ ਹੋ ਰਿਹਾ।

ਝੱਲ ਨਹੀਂ ਹੋਣੀ ਕਿਵੇਂ ਵੀ ਦੋਸਤੋ
ਕਰਜ਼ਿਆਂ ਦੀ ਤਾਬ, ਖਾਲੀ ਹੋ ਰਿਹਾ।

ਦੇਖਦੇ ਹਾਂ ਕਿਵੇਂ ਉੱਥੇ ਹੋਵੇਗਾ ਖੁਸ਼ਹਾਲ
ਪੁੱਤ ਜੋ ਬਣਿਆ ਉਕਾਬ, ਖਾਲੀ ਹੋ ਰਿਹਾ।

ਕੇਹੀ ਅਜੋਕੀ ਸਦੀ ਹੈ ਪੰਜਾਬ, ਖਾਲੀ ਹੋ ਰਿਹਾ।
ਮਾਝਾ ਮਾਲਵਾ ਦੁਆਬ, ਖਾਲੀ ਹੋ ਰਿਹਾ।
ਸੰਪਰਕ: 88376-79186
* * *

ਅਜੋਕੀ ਪੀੜ੍ਹੀ

ਕੁਲਵਿੰਦਰ ਵਿਰਕ

ਸੰਘਰਸ਼ਾਂ ਤੋਂ ਸੱਖਣੀ
ਟੀਚਿਆਂ ਤੋਂ ਭਟਕੀ
ਅਜੋਕੀ ਪੀੜ੍ਹੀ
ਨਕਲੀ ਪਰਛਾਵਿਆਂ ਪਿੱਛੇ
ਦੌੜਦੀ ਜਾ ਰਹੀ ਹੈ...

ਪਰਛਾਵੇਂ
ਜੋ ਮਹਿਜ਼ ਛਲਾਵਾ ਹਨ
ਨਾਲ ਤੁਰਨ ਦਾ
ਕੇਵਲ ਦਿਖਾਵਾ ਹਨ...
ਤੇ ਜਦ ਵਕਤ ਦੀ ਵੁੱਕਤ ਨੂੰ
ਇਹ ਪੀੜ੍ਹੀ ਪਛਾਣੇਗੀ
ਬਹੁਤ ਦੂਰ ਲੰਘ ਚੁੱਕੇ ਹੋਣਗੇ ਉਦੋਂ
ਇਨ੍ਹਾਂ ਦਰਿਆਵਾਂ ਦੇ ਪਾਣੀ...

ਸੰਘਰਸ਼ਾਂ ਤੋਂ ਸੱਖਣੀ
ਕਦਰਾਂ-ਕੀਮਤਾਂ ਤੋਂ ਮਨਫ਼ੀ
ਤੇ ਨਕਲੀ ਪਰਛਾਵਿਆਂ ਪਿੱਛੇ ਦੌੜਦੀ
ਅਜੋਕੀ ਪੀੜ੍ਹੀ ਨੂੰ
ਟੀਚੇ ਵਿਖਾ ਕੇ
ਸੰਭਾਲਣ ਦਾ ਸਮਾਂ ਹੈ...!
ਸੰਪਰਕ: 78146-54133
* * *

ਅੱਧ ਅਧੂਰਾ ਬੰਦਾ...

ਮਨਜੀਤ ਕੌਰ ਧੀਮਾਨ

ਮੈਂ ਅੱਧ ਅਧੂਰਾ ਬੰਦਾ,
ਮੈਨੂੰ ਮੁਕੰਮਲ ਕਰ ਦੇ ਤੂੰ।
ਸਭ ਜਿੱਤਾਂ ਪਾਸੇ ਕਰਕੇ
ਮੇਰੇ ’ਤੇ ਦਿਲ ਹਰ ਦੇ ਤੂੰ।
ਮੈਂ ਅੱਧ ਅਧੂਰਾ...

ਮੈਂ ਤੈਥੋਂ ਮੰਗਦਾ ਤੈਨੂੰ,
ਮੇਰੀ ਝੋਲ਼ੀ ਖ਼ੈਰ ਪਾਵੀਂ।
ਤੇਰੇ ਰਾਹਾਂ ਵਿੱਚ ਜਿਹੜਾ,
ਸਾਗਰ ਵੀ ਤੈਰ ਜਾਵੀਂ।
ਮੇਰੇ ਅੰਦਰੋਂ ਖ਼ਾਲੀ ਗਾਗਰ,
ਹਾਸਿਆਂ ਨਾਲ ਭਰ ਦੇ ਤੂੰ।
ਮੈਂ ਅੱਧ ਅਧੂਰਾ...

ਕੁਝ ਨਖ਼ਰੇ ਕਰ ਵੇਖੀਂ,
ਹੱਸ ਹੱਸ ਕੇ ਚੁੱਕਾਂਗਾ।
ਜੇ ਤੂੰ ਨਾ ਆਈ ਤਾਂ,
’ਕੱਲਿਆਂ ਹੀ ਮੁੱਕਾਂਗਾ।
ਮੈਂ ਬੇਫ਼ਿਕਰਾ ਜਿਹਾ ਹਾਂ,
ਮੈਨੂੰ ਕੋਈ ਡਰ ਦੇ ਤੂੰ।
ਮੈਂ ਅੱਧ ਅਧੂਰਾ...

ਮੇਰੀ ਦੁਨੀਆ ਤੂੰ ਹੀ ਐਂ,
ਤੇਰਾ ਜਗ ਮੈਂ ਬਣ ਜਾਵਾਂ।
ਤੇਰੇ ਅੱਗੇ ਵਧਣੇ ਲਈ,
ਮੈਂ ਪੁਲ ਬਣ ਖੜ੍ਹ ਜਾਵਾਂ।
ਮੇਰਾ ਸੁੰਨਾ ਜਿਹਾ ਹੈ ਮਨ,
ਇਹਨੂੰ ਭਰਨ ਦਾ ਵਰ ਦੇ ਤੂੰ।
ਮੈਂ ਅੱਧ ਅਧੂਰਾ...

ਤੇਰੇ ਸਾਰੇ ਸ਼ੌਕ ਪੁਗਾਵਾਂ,
ਤੂੰ ਮੇਰੇ ਸਾਹਾਂ ਨਾਲ ਜੀਵੀਂ।
ਮੇਰੇ ਪਾਟੇ ਸੁਪਨਿਆਂ ਨੂੰ,
ਸਬਰਾਂ ਦੇ ਧਾਗੇ ਨਾਲ ਸੀਵੀਂ।
ਜਿੱਥੇ ਪੂਜਾ ਕਰ ਲਾਂ, ‘ਮਨਜੀਤ’
ਮੈਨੂੰ ਐਹੋ ਜਿਹਾ ਦਰ ਦੇ ਤੂੰ।
ਮੈਂ ਅੱਧ ਅਧੂਰਾ...
ਸੰਪਰਕ: 94646-33059
* * *

ਗ਼ਰੀਬ ਨਹੀਂ ਰਹਿਣਾ ਕੋਈ

ਰਾਜਿੰਦਰ ਜੈਦਕਾ ਅਮਰਗੜ੍ਹ

ਗ਼ਰੀਬ ਨਹੀਂ ਰਹਿਣਾ ਕੋਈ
ਸਰਕਾਰ ਨੇ ‘ਗ਼ਰੀਬ’ ਖਤਮ ਕਰ ਦਿੱਤਾ
ਰਹਿ ਗਈ ਹੁਣ ਗ਼ਰੀਬੀ ਪੱਲੇ
ਰਾਜੇ ਦਾ ਫ਼ਰਮਾਨ ਹੈ ਆਇਆ
ਕੋਈ ‘ਗ਼ਰੀਬ’ ਨਾ ਹੋਵੇ ਇੱਥੇ
ਭਾਵੇਂ ਝੋਂਪੜੀਆਂ ਦੇ ਵਿੱਚ ਰਹਿਣ
ਭਾਵੇਂ ਪੈਣ ਸੜਕਾਂ ਕੰਢੇ
ਭਾਵੇਂ ਸੌਣ ਦਰੱਖ਼ਤਾਂ ਥੱਲੇ
ਪਰ ਕੋਈ ਕਹੇ ਨਾ ‘ਗ਼ਰੀਬ’
ਚੀਜ਼ਾਂ ਦੇ ਜਿੰਨੇ ਮਰਜ਼ੀ ਭਾਅ ਵਧ ਜਾਣ
ਆਟਾ ਹੋ ਜਾਵੇ ਪਹੁੰਚ ਤੋਂ ਪਰ੍ਹੇ
ਧਰਨੇ ਜਿਹੜਾ ਲਾਊ ਇੱਥੇ
ਜੇਲ੍ਹ ਜਾਵੇਗਾ ਪੈਣਗੇ ਪੰਗੇ
ਅਸੀਂ ਆਜ਼ਾਦ ਦੇਸ਼ ਦੇ ਵਾਸੀ
ਗੁਲਾਮ ਕਹਿਣ ਦਾ ਹੱਕ ਨਹੀਂ ਕੋਈ
ਜੇਕਰ ਕਿਸੇ ਦੇ ਖ਼ਿਲਾਫ਼ ਬੋਲਿਆ
ਪੈ ਜਾਊ ਪੰਗਾ, ਸੁਲਝ ਨਹੀਂ ਹੋਣਾ
ਭਾਵੇਂ ਆ ਜਾਵੇ ਨਵੀਂ ਸਰਕਾਰ
ਜਨਤਾ ਨੇ ਤਾਂ ਪਿਸਦੇ ਰਹਿਣਾ
ਦੁਖੀ ਹੋ ਕੇ ਖ਼ੁਸ਼ ਦਿਸਣਾ ਪੈਣਾ
ਨਹੀਂ ਤਾਂ ਪੰਗਾ ਪੈ ਹੈ ਜਾਣਾ
ਭਾਵੇਂ ਰੋਵੋ ਸਿਖ਼ਰ ਦੁਪਹਿਰ
ਕਿਸੇ ਨੇ ‘ਗ਼ਰੀਬ’ ਨ੍ਹੀਂ ਕਹਿਣਾ
ਸੰਪਰਕ: 98729-42175
* * *

ਇਹ ਪੰਜਾਬੀ ਨੇ

ਗੁਰਤੇਜ ਸਿੰਘ ਖੁਡਾਲ

ਹਿੱਕਾਂ ਤਾਣ ਕੇ ਖੜ੍ਹ ਜਾਂਦੇ ਨੇ,
ਹੱਕਾਂ ਦੇ ਲਈ ਲੜ ਜਾਂਦੇ ਨੇ,
ਧਰਮ ਦੇਸ਼ ਲਈ ਮਰ ਜਾਂਦੇ ਨੇ,
ਇਹ ਪੰਜਾਬੀ ਨੇ, ਇਹ ਪੰਜਾਬੀ ਨੇ...

ਨਾ ਕਿਸੇ ਕੋਲੋਂ ਇਹ ਡਰਦੇ ਨੇ,
ਨਾ ਕਿਸੇ ਨੂੰ ਇਹ ਡਰਾਉਂਦੇ ਨੇ,
ਮਜ਼ਲੂਮਾਂ ਨਾਲ ਇਹ ਖੜ੍ਹਦੇ ਨੇ,
ਇਹ ਪੰਜਾਬੀ ਨੇ, ਇਹ ਪੰਜਾਬੀ ਨੇ...

ਦੁਸ਼ਮਣ ਨੂੰ ਸਬਕ ਸਿਖਾਉਂਦੇ ਨੇ,
ਪਾਪੀਆਂ ਤਾਈਂ ਸੋਧਾ ਲਾਉਂਦੇ ਨੇ,
ਚੁੰਮ ਫਾਸੀਆਂ ਗਲਾਂ ਵਿੱਚ ਪਾਉਂਦੇ ਨੇ,
ਇਹ ਪੰਜਾਬੀ ਨੇ, ਇਹ ਪੰਜਾਬੀ ਨੇ...

ਇਹ ਅੰਨਦਾਤਾ ਅਖਵਾਉਂਦੇ ਨੇ,
ਸਾਰੇ ਦੇਸ਼ ਲਈ ਅੰਨ ਉਗਾਉਂਦੇ ਨੇ,
ਅੰਨ ਭੰਡਾਰ ਦੇਸ਼ ਦਾ ਭਰਦੇ ਨੇ,
ਇਹ ਪੰਜਾਬੀ ਨੇ, ਇਹ ਪੰਜਾਬੀ ਨੇ...

ਬਹੁਤ ਅਣਖੀ ਅਤੇ ਬਹਾਦਰ ਨੇ,
ਸਾਰੇ ਦੇਸ਼ ਦੇ ਸੰਭਾਲੇ ਬਾਰਡਰ ਨੇ,
ਪੂਰੇ ਦੇਸ਼ ਦੀ ਇਹ ਜਿੰਦ ਜਾਨ ਨੇ,
ਇਹ ਪੰਜਾਬੀ ਨੇ, ਇਹ ਪੰਜਾਬੀ ਨੇ...

ਨਾ ਪਹਿਲਾਂ ਇਹ ਕੁਝ ਕਹਿੰਦੇ ਨੇ,
ਨਾ ਜ਼ੁਲਮ ਕਿਸੇ ਦਾ ਸਹਿੰਦੇ ਨੇ,
ਖੁਡਾਲ ਦੇਸ਼ ਨੂੰ ਇਹੀ ਬਚਾਉਂਦੇ ਨੇ...
ਇਹ ਪੰਜਾਬੀ ਨੇ, ਇਹ ਪੰਜਾਬੀ ਨੇ...
ਸੰਪਰਕ: 9464129118
* * *

ਲੋਕਾਂ ਦੀਆਂ ਗੱਲਾਂ...

ਅਜੀਤ ਖੰਨਾ

ਲੋਕਾਂ ਦੀਆਂ ਗੱਲਾਂ ਨੇ
ਝੂਠੀਆਂ ਤੇ ਕੁਝ ਸੱਚੀਆਂ
ਬਸ! ਦਿਖਾਵੇ ਦੀਆਂ ਛੱਲਾਂ ਨੇ
ਗੱਲਾਂ ਹੀ ਗੱਲਾਂ ਨੇ...
ਸ਼ੇਖੀ ਮਾਰ ਲੋਕੀਂ ਆਖਣ
ਮਾਰੀਆਂ ਖ਼ੂਬ ਅਸਾਂ ਮੱਲਾਂ ਨੇ
ਹੋਰਾਂ ਦੀ ਤਾਂ ਗੱਲ ਹੀ ਛੱਡੋ
ਸਾਡੀਆਂ ਹੀ ਹਰ ਪਾਸੇ ਗੱਲਾਂ ਨੇ...
ਸੱਚ ਦਾ ਪਾ ਨਕਾਬ ਏਥੇ
ਲੋਕੀਂ ਜੋੜਨ ਝੂਠੇ ਰਿਸ਼ਤੇ ਬਈ
ਦੂਜੇ ਨੂੰ ਤਾਂ ਸਮਝਣ ਝੱਲਾ
ਆਖਣ ਸਾਡੇ ਹੀ ਹੈ ਸਭ ਪੱਲੇ ਬਈ
ਸੱਚ ਫਿਰੇ ਇੱਥੇ ਜਾਨ ਬਚਾਉਂਦਾ
ਝੂਠੇ ਦੇ ਸਿਰ ਤਾਜ ਨੇ
ਜੁਮਲੇਬਾਜ਼ ਰਾਜ ਨੇ ਕਰਦੇ
ਵੋਟਰ ਫਿਰਦੇ ਅਵਾਜ਼ਾਰ ਨੇ...
ਕਲਮ ਰੋਂਦੀ ਸੱਚ ਲਿਖਣ ਨੂੰ
ਪਰ ਝੂਠਾਂ ਮਾਰੀਆਂ ਮੱਲਾਂ ਨੇ
ਅਜੀਤ ਖੰਨਾ ਜੇ ਤੂੰ ਸੱਚਾ ਹੈਂ
ਤਾਂ ਹੁੰਦੀਆਂ ਤੇਰੀਆਂ ਗੱਲਾਂ ਨੇ
ਸੰਪਰਕ: 85448-54669
* * *

ਗ਼ਜ਼ਲ

ਪ੍ਰੋ. ਨਵ ਸੰਗੀਤ ਸਿੰਘ

ਸੁਖਾਵੇਂ ਵਕਤ ਵਿੱਚ ਜੇ ਵਿਚਰਿਆ ਹੁੰਦਾ।
ਅਸਾਡਾ ਆਲ੍ਹਣਾ ਨਾ ਬਿਖਰਿਆ ਹੁੰਦਾ।

ਨਜ਼ਾਰਾ ਹੋਰ ਹੀ ਹੁੰਦਾ ਲੜਾਈ ਦਾ,
ਜ਼ਰ੍ਹਾ-ਬਖ਼ਤਰ ਜੇ ਪਾ ਕੇ ਨਿੱਤਰਿਆ ਹੁੰਦਾ।

ਤਾਂ ਚਿਹਰਾ ਸਾਰਿਆਂ ਨੂੰ ਦਿਲਕਸ਼ੀਂ ਲੱਗਦਾ,
ਕਿਸੇ ਲੇਖਕ ਨੇ ਜੇਕਰ ਚਿੱਤਰਿਆ ਹੁੰਦਾ।

ਨਿਭਾਇਆ ਹੋਂਵਦਾ ਮਿਲਣੇ ਦਾ ਵਾਅਦਾ ਤਾਂ,
ਮਿਰਾ ਦਿਲਬਰ ਨਾ ਐਵੇਂ ਬਿਫ਼ਰਿਆ ਹੁੰਦਾ।

ਜੇ ਤੀਲ੍ਹੇ ਸਾਂਭ ਕੇ ਰੱਖਦੇ ਉਹ ਝਾੜੂ ਦੇ,
ਕਦੇ ਵੀ ਇਸ ਤਰ੍ਹਾਂ ਨਾ ਖਿੱਲਰਿਆ ਹੁੰਦਾ।

ਜੇ ਰੱਖਦਾ ਨਾਲ ‘ਨਵ ਸੰਗੀਤ’ ਦੇ ਯਾਰੀ,
ਕਦਾਚਿਤ ਇਸ ਕਦਰ ਨਾ ਨਿੱਘਰਿਆ ਹੁੰਦਾ।
ਸੰਪਰਕ: 94176-92015
* * *

ਫਰਜ਼

ਭੁਪਿੰਦਰ ਸਿੰਘ ਪੰਛੀ

ਹੱਕ ਦੀ ਲੜਾਈ ’ਚ ਸ਼ਸਤਰ ਚੁੱਕ
ਸ਼ੱਕ ਦੀ ਲੜਾਈ ’ਚ ਚੁੱਪ ਕਰ ਜਾ
ਝੂਠੇ ਦੇ ਮਗਰ ਨਾ ਜਾਵੀਂ ਭਾਈ
ਸੱਚ ਦੇ ਲਈ ਜਾ ਭਾਵੇਂ ਮਰ ਜਾ
ਜਿੱਥੇ ਗੱਲ ਨਿਆਂ ਦੀ ਹੋਵੇ
ਓਥੇ ਮਿੱਤਰਾ ਤਣ ਕੇ ਖੜ੍ਹ ਜਾ
ਸੱਚ ਇੱਕ ਬਿਖੜਾ ਪੈਂਡਾ ਬੱਲਿਆ
ਹਿੰਮਤ ਹੈ ਤਾਂ ਓਸ ’ਤੇ ਖੜ੍ਹ ਜਾ

ਜੇ ਤੂੰ ਮਿਤਰਾ ਖੋਆ ਬਣਨਾ
ਫਿਰ ਤਾਂ ਦੁੱਧ ਦੇ ਵਾਂਗੂੰ ਕੜ੍ਹ ਜਾ
ਅਗਲੀ ਰੁੱਤੇ ਫੇਰ ਜੇ ਆਉਣਾ
ਫਿਰ ਤਾਂ ਪੱਤਿਆਂ ਵਾਂਗੂੰ ਝੜ ਜਾ

ਜੇ ਬੁੱਲ੍ਹੀਆਂ ਦੇ ਹਾਸੇ ਗਵਾਉਣੇ
ਜਾ ਫਿਰ ਇਸ਼ਕ ਪਹਾੜਾ ਪੜ੍ਹ ਜਾ
ਜੇਕਰ ਦਿਲ ਨੂੰ ਰੋਗੀ ਕਰਨਾ
ਫਿਰ ਪਰਵਾਨੇ ਵਾਂਗੂੰ ਸੜ ਜਾ

ਮਨ ਦਾ ਹਨੇਰ ਜੇ ਦੂਰ ਤੂੰ ਕਰਨਾ
ਫਿਰ ਗਿਆਨ ਦੀ ਪੌੜੀ ਚੜ੍ਹ ਜਾ
ਸੋਹਣਾ ਲਿਖਿਆ ਕਰ ਤੂੰ ਪੰਛੀ
ਉਸਤਾਦਾਂ ਦੇ ਪੈਰੀਂ ਸਿਰ ਧਰ ਜਾ
ਸੰਪਰਕ: 98559-91055

Advertisement
Author Image

joginder kumar

View all posts

Advertisement
Advertisement
×