ਪਣ ਬਿਜਲੀ ਉਤਪਾਦਨ ਸਦਕਾ ਪੰਜਾਬ ਦੇ ਕਰੋੜਾਂ ਰੁਪਏ ਬਚੇ
ਅਮਨ ਸੂਦ
ਪਟਿਆਲਾ, 26 ਜੁਲਾਈ
ਪੰਜਾਬ ਵਿੱਚ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੋਇਆ ਹੈ, ਜਿਸ ਦੇ ਸਿੱਟੇ ਵਜੋਂ ਸੂਬੇ ਵਿੱਚ ਪਿਛਲੇ ਕਈ ਦਨਿਾਂ ਤੋਂ ਪਣ ਬਿਜਲੀ ਉਤਪਾਦਨ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਡੈਮਾਂ ਵਿੱਚ ਪਾਣੀ ਦੇ ਵਧੇ ਪੱਧਰ ਸਦਕਾ ਸੂਬਾ ਸਰਕਾਰ ਨੂੰ ਥਰਮਲ ਪਲਾਂਟਾਂ ਰਾਹੀਂ ਵਧੇਰੇ ਬਿਜਲੀ ਤਿਆਰ ਨਹੀਂ ਕਰਨੀ ਪੈ ਰਹੀ ਹੈ। ਇਸ ਨਾਲ ਕੋਲੇ ਦੀ ਖ਼ਪਤ ਵਿੱਚ ਵੀ ਭਾਰੀ ਨਿਘਾਰ ਆਇਆ ਹੈ, ਜਿਸ ਕਾਰਨ ਸੂਬਾ ਸਰਕਾਰ ਦੇ ਕਰੋੜਾਂ ਰੁਪਏ ਦੀ ਬੱਚਤ ਹੋ ਰਹੀ ਹੈ। ਮੀਂਹਾਂ ਕਰ ਕੇ ਲਗਾਤਾਰ ਭਾਰੀ ਮਾਤਰਾ ਵਿੱਚ ਆ ਰਹੇ ਪਾਣੀ ਸਦਕਾ ਭਾਖੜਾ ਪਾਵਰ ਹਾਊਸ, ਡੇਹਰ ਪਾਵਰ ਹਾਊਸ, ਬੀਬੀਐੱਮਬੀ ਅਧੀਨ ਪੌਂਗ ਪਾਵਰ ਹਾਊਸ ਅਤੇ ਰਣਜੀਤ ਸਾਗਰ ਡੈਮ ਰਾਹੀਂ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪਿਛਲੇ ਪੰਜ ਦਨਿਾਂ ਦੌਰਾਨ ਭਾਖੜਾ ਵੱਲੋਂ ਰੋਜ਼ਾਨਾ 363 ਲੱਖ ਯੂਨਿਟ, ਡੇਹਰ ਵੱਲੋਂ 145 ਤੋਂ 150 ਲੱਖ ਯੂਨਿਟ ਤੇ ਪੌਂਗ ਪਾਵਰ ਹਾਊਸ ਵੱਲੋਂ 85 ਲੱਖ ਯੂਨਿਟ ਬਿਜਲੀ ਤਿਆਰ ਕੀਤੀ ਜਾ ਰਹੀ ਹੈ। ਬੀਬੀਐੱਮਬੀ ਅਧੀਨ ਸਮੁੱਚੇ ਤੌਰ ’ਤੇ 24 ਜੁਲਾਈ ਨੂੰ ਰਿਕਾਰਡ 615.14 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਗਿਆ ਹੈ। ਇਸ ਵਿੱਚੋਂ ਪੰਜਾਬ ਨੂੰ ਆਪਣੇ ਬਣਦੇ ਹਿੱਸੇ ਵਜੋਂ 217 ਲੱਖ ਯੂਨਿਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਸਾਰੀਆਂ ਚਾਰ ਯੂਨਿਟਾਂ ਵੱਲੋਂ ਆਪਣੀ ਸਮਰੱਥਾ ਦਾ 110 ਫੀਸਦ ਉਤਪਾਦਨ ਕਰਦੇ ਹੋਏ ਰੋਜ਼ਾਨਾ 155 ਲੱਖ ਯੂਨਿਟ ਤੋਂ ਵੱਧ ਬਿਜਲੀ ਤਿਆਰ ਕੀਤੀ ਜਾ ਰਹੀ ਹੈ। ਪੀਐੱਸਪੀਸੀਐੱਲ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਨਿੱਜੀ ਥਰਮਲਾਂ ਰਾਹੀਂ ਬਿਜਲੀ ਦਾ ਉਤਪਾਦਨ ਸੂਬੇ ਨੂੰ ਮਹਿੰਗਾ ਪੈਂਦਾ ਹੈ, ਜਦਕਿ ਪਾਣੀ ਰਾਹੀਂ ਤਿਆਰ ਕੀਤੀ ਜਾਣ ਵਾਲੀ ਬਿਜਲੀ ਸਸਤੀ ਪੈਂਦੀ ਹੈ ਅਤੇ ਇਸ ਨਾਲ ਕੋਲੇ ਦੀ ਬੱਚਤ ਵੀ ਹੁੰਦੀ ਹੈ।