ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਦੇ ਫੰਡਾਂ ਦੀ ਦੁਰਵਰਤੋਂ ਕੀਤੀ: ਪ੍ਰਨੀਤ ਕੌਰ
ਖੇਤਰੀ ਪ੍ਰਤੀਨਿਧ
ਪਟਿਆਲਾ, 28 ਸਤੰਬਰ
ਭਾਜਪਾ ਆਗੂ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਪੰਜਾਬ ਸਰਕਾਰ ’ਤੇ ਆਯੂਸ਼ਮਾਨ ਭਾਰਤ ਯੋਜਨਾ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਨੂੰ 500 ਕਰੋੜ ਦੀ ਰਾਸ਼ੀ ਵੰਡਣ ਵਿੱਚ ਨਾਕਾਮ ਰਹਿਣਾ ਲੋਕਾਂ ਧੋਖਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਮਿਲੇ 350 ਕਰੋੜ ਤੋਂ ਵੱਧ ਦੀ ਰਾਸ਼ੀ ਹਸਪਤਾਲਾਂ ਨੂੰ ਛੱਡ ਕੇ ਅਣਵਰਤੀ ਪਈ ਹੈ ਤੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਜਦੋਂ ਕਿ ਹਸਪਤਾਲਾਂ ਨੇ ਅਦਾਇਗੀ ਨਾ ਹੋਣ ਕਾਰਨ ਇਲਾਜ ਬੰਦ ਕਰ ਦਿੱਤਾ ਹੈ ਤੇ ਸਰਕਾਰ ਨੇ ਫੰਡਾਂ ਨੂੰ ਹੋਰ ਕੰਮਾਂ ’ਤੇ ਖਰਚਣਾ ਸ਼ੁਰੂ ਕਰ ਦਿੱਤਾ। ਲੋਕਾਂ ਦੀ ਸਿਹਤ ਨੂੰ ਪਹਿਲ ਦੇਣ ਦੀ ਬਜਾਏ ਵੱਡੇ-ਵੱਡੇ ਇਸ਼ਤਿਹਾਰ, ਅਧਿਕਾਰੀਆਂ ਦੀਆਂ ਰਿਹਾਇਸ਼ਾਂ ਦੀ ਮੁਰੰਮਤ ਅਤੇ ਬੇਲੋੜੇ ਵਾਹਨਾਂ ਦੀ ਖਰੀਦਦਾਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਕਿ ਜਨਤਕ ਫੰਡਾਂ ਦੀ ਦੁਰਵਰਤੋਂ ਹੈ। ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਕੇਂਦਰ ਸਰਕਾਰ ਨੇ ਫੰਡਾਂ ਦੀ ਵੰਡ ਨਹੀਂ ਕੀਤੀ ਹੈ। ਜਦਕਿ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਪੈਸਾ, ਕਿਸੇ ਹੋਰ ਕੰਮ ਉਤੇ ਖਰਚ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਹੀ ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਪ੍ਰਧਾਨ ਜੈ ਇੰਦਰ ਕੌਰ ਨੇ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।