ਪੰਜਾਬ ਸਰਕਾਰ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਵਚਨਬੱਧ: ਹਰਜੋਤ ਬੈਂਸ
ਮਿਹਰ ਸਿੰਘ
ਕੁਰਾਲੀ, 16 ਨਵੰਬਰ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰੇਕ ਜ਼ਿਲ੍ਹੇ ਵਿੱਚ ‘ਓਲਡ ਏਜ ਹੋਮ’ ਬਣਾਉਣ ਜਾ ਰਹੀ ਹੈ। ਉਹ ਸ਼ਹਿਰ ਦੀ ਹੱਦ ਅੰਦਰ ਸਥਿਤ ਪਡਿਆਲਾ ਦੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਵਿੱਚ ਪੁੱਜੇ ਸਨ।
ਲਾਵਾਰਿਸ ਪ੍ਰਾਣੀਆਂ ਤੇ ਬੱਚਿਆਂ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਸ੍ਰੀ ਬੈਂਸ ਨੇ ਕਿਹਾ ਕਿ ਪ੍ਰਭ ਆਸਰਾ ਵਿੱਚ ਰਹਿ ਰਹੇ ਲਾਵਾਰਿਸ ਤੇ ਮੰਦਬੁੱਧੀ ਪ੍ਰਾਣੀਆਂ ਦੀ ਸੇਵਾ ਸੰਭਾਲ ਕਰਨੀ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਮੰਨਿਆ ਕਿ ਕੁਝ ਮਜਬੂਰੀਆਂ ਤੇ ਸੀਮਾਵਾਂ ਹੋਣ ਕਾਰਨ ਸਰਕਾਰ ਨੂੰ ਅਜਿਹੇ ਉਪਰਾਲੇ ਕਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਲਾਵਰਿਸ ਪ੍ਰਾਣੀਆਂ ਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਬੈਂਸ ਨੇ ਪ੍ਰਭ ਆਸਰਾ ਸੰਸਥਾ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਕਿਹਾ ਕਿ ਉਹ ਇਹ ਸਾਰੇ ਮਸਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਲਈ ਉਪਰਾਲੇ ਕਰਨਗੇ। ਉਨ੍ਹਾਂ ਨਾਲ ਹੀ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਸਕੂਲਾਂ ਦੇ ਬਜਿਲੀ ਬਿੱਲ ਜਮ੍ਹਾਂ ਨਾ ਹੋਣ ਦੀ ਸੂਰਤ ਵਿੱਚ ਸਕੂਲਾਂ ਦਾ ਬਜਿਲੀ ਦਾ ਕੁਨੈਕਸ਼ਨ ਨਾ ਕੱਟਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਨਾਲ ਹੀ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਅਜਿਹੇ ਸਕੂਲਾਂ ਦੇ ਬਿੱਲਾਂ ਦੀ ਅਦਾਇਗੀ ਵਿਭਾਗ ਵੱਲੋਂ ਸਿੱਧੇ ਪਾਵਰਕੌਮ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਸਕੂਲ ਦਾ ਬਜਿਲੀ ਕੁਨੈਕਸ਼ਨ ਕੱਟਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸੇ ਦੌਰਾਨ ਪ੍ਰਭ ਆਸਰਾ ਦੀ ਪ੍ਰਬੰਧਕ ਰਾਜਿੰਦਰ ਕੌਰ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਸੰਸਥਾ ਵਿੱਚ ਇਸ ਵੇਲੇ ਕਰੀਬ 425 ਲਾਵਾਰਿਸ ਪ੍ਰਾਣੀ ਰਹਿ ਰਹੇ ਹਨ ਜਦਕਿ ਉਹ ਕਰੀਬ 1345 ਲਾਵਾਰਿਸਾਂ ਨੂੰ ਪਰਿਵਾਰਾਂ ਨਾਲ ਮਿਲਾ ਚੁੱਕੇ ਹਨ। ਬੀਬੀ ਰਾਜਿੰਦਰ ਕੌਰ ਨੇ ਸਿੱਖਿਆ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਅਤੇ ਇਸ ਨੂੰ ਵਪਾਰਕ ਸੰਸਥਾਵਾਂ ਵਿੱਚ ਸ਼ਾਮਲ ਕੀਤੇ ਜਾਣ ਕਾਰਨ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਦੇ ਪੱਕੇ ਹੱਲ ਦੀ ਮੰਗ ਕੀਤੀ।