ਪੰਜਾਬ ਸਰਕਾਰ ਗੰਨੇ ਦੇ ਭਾਅ ’ਚ ਜਲਦੀ ਕਰੇਗੀ ਵਾਧਾ: ਚੀਮਾ
ਆਤਿਸ਼ ਗੁਪਤਾ
ਚੰਡੀਗੜ੍ਹ, 20 ਨਵੰਬਰ
ਪੰਜਾਬ ਦੇ ਵਿੱਤ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ 71ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਦੇ ਆਖ਼ਰੀ ਦਿਨ ਸੂਬਾ ਪੱਧਰੀ ਸਮਾਗਮ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤ ਵਰ੍ਹੇ ਦੌਰਾਨ ਗੰਨੇ ਦੇ ਭਾਅ ਵਿੱਚ ਵਾਧਾ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ। ਸੂਬੇ ਵਿੱਚ ਚੋਣ ਜ਼ਾਬਤਾ ਖਤਮ ਹੋਣ ਦੇ ਨਾਲ ਹੀ ਸਰਕਾਰ ਵੱਲੋਂ ਗੰਨੇ ਦੇ ਭਾਅ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਫੈਸਲਾ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢ ਕੇ ਗੰਨੇ ਦੀ ਖੇਤੀ ਵੱਲ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੂਗਰਫੈੱਡ ਨੂੰ ਘਾਟੇ ਵਿੱਚੋਂ ਬਾਹਰ ਕੱਢਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਮੌਜੂਦਾ ‘ਆਪ’ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸ਼ੂਗਰਫੈੱਡ ਦੀਆਂ 400 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਸਨ। ਸਰਕਾਰ ਨੇ ਲੰਘੇ 2 ਸਾਲਾਂ ਦੌਰਾਨ ਇਹ ਸਾਰੀਆਂ ਦੇਣਦਾਰੀਆਂ ਨੂੰ ਉਤਾਰਿਆ ਹੀ ਨਹੀਂ ਸਗੋਂ ਸ਼ੂਗਰਫੈੱਡ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕੇ। ਇਸੇ ਸਦਕਾ ਚਾਲੂ ਵਿੱਤ ਵਰ੍ਹੇ 2024-25 ਦੌਰਾਨ ਗੰਨੇ ਦੀ ਕਾਸ਼ਤ ਅਧੀਨ ਰਕਬਾ 2022-23 ਦੇ ਮੁਕਾਬਲੇ 6 ਹਜ਼ਾਰ ਹੈਕਟੇਅਰ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭੋਗਪੁਰ ਸਹਿਕਾਰੀ ਖੰਡ ਮਿੱਲ ਵਿੱਚ ਝੋਨੇ ਦੀ ਪਰਾਲੀ ਨਾਲ 14 ਮੈਗਾਵਾਟ ਦਾ ਕੋ-ਜੈਨਰੇਸ਼ਨ ਪਲਾਂਟ ਚਲਾਇਆ ਗਿਆ, ਜਿਸ ਤੋਂ ਸਾਲ 2023-24 ਵਿੱਚ 15.31 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਸਰਕਾਰ ਨੇ ਗੰਨੇ ਦੇ ਭਾਅ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਸੀ। ਇਸ ਨਾਲ ਗੰਨੇ ਦੀ ਕੀਮਤ 391 ਰੁਪਏ ਪ੍ਰਤੀ ਕੁਇੰਟਲ ਹੋ ਗਈ ਸੀ, ਜੋ ਦੇਸ਼ ਵਿੱਚ ਸਾਰੇ ਸੂਬਿਆਂ ਨਾਲੋਂ ਵੱਧ ਸੀ। ਵਿੱਤ ਮੰਤਰੀ ਨੇ ਇਸ ਤੋਂ ਪਹਿਲਾਂ ਸਹਿਕਾਰਤਾ ਵਿਭਾਗ ਵੱਲੋਂ ਸੂਬੇ ਭਰ ਵਿੱਚ ਫੁਲਕਾਰੀਆਂ ਤਿਆਰ ਕਰਨ ਵਾਲੀਆਂ ਔਰਤਾਂ ਦੇ ਉਤਪਾਦਾਂ ਨੂੰ ਵਿਸ਼ਵ ਪੱਧਰੀ ਵਿਕਰੀ ਮੰਚ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਗਏ ਵੈੱਬ ਪੋਰਟਲ ‘ਫੁਲਕਾਰੀ’ ਅਤੇ ਵੇਰਕਾ ਦੇ ਨਵੇਂ ਉਤਪਾਦਾਂ ਨੂੰ ਵੀ ਜਾਰੀ ਕੀਤਾ। ਉਨ੍ਹਾਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਸਹਿਕਾਰੀ ਸਭਾਵਾਂ, ਫੂਡ ਪ੍ਰੋਸੈਸਿੰਗ ਸਭਾਵਾਂ, ਅਗਾਂਹਵਧੂ ਕਿਸਾਨਾਂ, ਕਿਰਤ ਤੇ ਉਸਾਰੀ ਸਹਿਕਾਰੀ ਸਭਾਵਾਂ, ਸਹਿਕਾਰੀ ਬੈਂਕਾਂ, ਵੇਰਕਾ ਡੇਅਰੀ ਅਤੇ ਖੰਡ ਮਿੱਲਾਂ ਨੂੰ 28 ਵੱਖ-ਵੱਖ ਸਨਮਾਨਾਂ ਨਾਲ ਸਨਮਾਨਿਤ ਕੀਤਾ।
ਮਿਲਕਫੈੱਡ ਦੇਸ਼ ਦੀਆਂ ਤਿੰਨ ਬਿਹਤਰੀਨ ਦੁੱਧ ਉਤਪਾਦਕ ਏਜੰਸੀਆਂ ਵਿੱਚੋਂ ਇੱਕ
ਵਿੱਤ ਮੰਤਰੀ ਹਰਪਾਲ ਚੀਮਾ ਨੇ ਮਿਲਕਫੈੱਡ ਨੂੰ ਦੇਸ਼ ਦੀਆਂ ਤਿੰਨ ਬਿਹਤਰੀਨ ਦੁੱਧ ਉਤਪਾਦਕ ਏਜੰਸੀਆਂ ਵਿੱਚੋਂ ਇੱਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈੱਡ ਵੱਲੋਂ ਵਿੱਤੀ ਸਾਲ 2023-2024 ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ ਪ੍ਰਤੀ ਦਿਨ 31 ਲੱਖ ਲਿਟਰ ਦੁੱਧ ਦੀ ਖ਼ਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਰਕਫੈੱਡ ਵੱਲੋਂ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਚੱਕਰ ਤੋਂ ਦੂਰ ਕਰਨ ਲਈ ਮੂੰਗੀ ਦੀ ਕੀਮਤ ਸਮਰਥਨ ਯੋਜਨਾ ਮੁਹੱਈਆ ਕਰਵਾਈ ਗਈ ਹੈ। ਮਾਰਕਫੈੱਡ ਨੇ 7584 ਮੀਟਰਿਕ ਟਨ ਮੂੰਗੀ ਦੀ ਖ਼ਰੀਦ ਕੀਤੀ, ਜਿਸ ਨਾਲ 4515 ਕਿਸਾਨਾਂ ਨੂੰ ਲਾਭ ਹੋਇਆ।