ਜਲਦੀ ਡਿੱਗੇਗੀ ਪੰਜਾਬ ਸਰਕਾਰ: ਸ਼ਾਹ
ਗਗਨਦੀਪ ਅਰੋੜਾ
ਲੁਧਿਆਣਾ, 26 ਮਈ
ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਇੱਥੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਲੰਮੀ ਚੱਲਣ ਵਾਲੀ ਨਹੀਂ। ਉਨ੍ਹਾਂ ਕਿਹਾ ਕਿ ਪਹਿਲੀ ਜੂਨ ਨੂੰ ਵੋਟਾਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਜੇਲ੍ਹ ਜਦਕਿ 6 ਜੂਨ ਨੂੰ ਕਾਂਗਰਸੀ ਆਗੂ ਬੈਂਕਾਕ ਛੁੱਟੀਆਂ ਮਨਾਉਣ ਚਲੇ ਜਾਣਗੇ। ਉਨ੍ਹਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਉਣ ਦਾ ਵੀ ਸੰਕੇਤ ਦਿੱਤਾ। ਸ਼ਾਹ ਨੇ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇੱਕ ਪੈਨਸ਼ਨ ਇੱਕ ਰੈਂਕ’ ਦਿਵਾਇਆ। ਇਸ ਤੋਂ ਇਲਾਵਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਈ।
ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਹਿੰਦੂ-ਸਿੱਖ ਭਾਈਚਾਰੇ ਦੀ ਪ੍ਰਤੀਕ ਹੈ। ਮੋਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਿੱਖ ਭਾਈਚਾਰੇ ਨੂੰ ਤੋਹਫ਼ਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਆਜ਼ਾਦੀ ਵੇਲੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਭਾਰਤ ਵਿੱਚ ਹੁੰਦਾ। ਉਨ੍ਹਾਂ ਸਿੱਖ ਭਾਈਚਾਰੇ ਨੂੰ ਦੇਸ਼ ਦੀ ਕਮਾਨ ਮੁੜ ਮੋਦੀ ਦੇ ਹੱਥ ਵਿੱਚ ਦੇਣ ਦੀ ਅਪੀਲ ਕੀਤੀ।
ਸ਼ਾਹ ਨੇ ਕਿਹਾ, ‘‘ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਸਦਕਾ ਸਾਡੀ ਹੋਂਦ ਹੈ।’’ ਉਨ੍ਹਾਂ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਵਿੱਚ ਸੱਤਾ ਹਾਸਲ ਕਰਨ ਤੋਂ ਬਾਅਦ ਇੱਕ ਮਹੀਨੇ ’ਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਪਰ ਪੰਜਾਬ ਵਿੱਚ ਨਸ਼ਾ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ। ਦੁਬਾਰਾ ਮੋਦੀ ਸਰਕਾਰ ਆਉਂਦੇ ਹੀ ਪੰਜਾਬ ਵਿੱਚ ਨਸ਼ਾ ਹਰ ਹਾਲਤ ਵਿੱਚ ਖਤਮ ਕਰ ਦਿੱਤਾ ਜਾਵੇਗਾ। ਸੂਬੇ ਵਿੱਚ ਨਾਰਕੋਟਿਕਸ ਕੰਟੋਰਲ ਬਿਊਰੋ (ਐੱਨਸੀਬੀ) ਦੇ 17 ਦਫ਼ਤਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਜੋ ਅੱਜ ਤੱਕ ਪੂਰਾ ਨਹੀਂ ਹੋਇਆ। ਇਸੇ ਤਰ੍ਹਾਂ ਮੈਡੀਕਲ ਕਾਲਜ ਵੀ ਨਹੀਂ ਖੋਲ੍ਹਿਆ ਗਿਆ। ਸ਼ਾਹ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਹੋਈਆਂ ਛੇ ਗੇੜ ਦੀਆਂ ਚੋਣਾਂ ਵਿੱਚ 5 ਗੇੜਾਂ ਦੇ ਲਾਏ ਗਏ ਅਨੁਮਾਨ ਮੁਤਾਬਕ ਭਾਜਪਾ ਨੂੰ 310 ਸੀਟਾਂ ’ਤੇ ਜਿੱਤ ਹਾਸਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 6ਵੇਂ ਤੇ 7ਵੇਂ ਗੇੜ ਦੀਆਂ ਚੋਣਾਂ ਵਿੱਚ ਭਾਜਪਾ ਨੂੰ 400 ਤੋਂ ਪਾਰ ਸੀਟਾਂ ਦਾ ਅਨੁਮਾਨ ਹੈ। ਮੋਦੀ ਸਰਕਾਰ ਦੀ ਹੈਟ੍ਰਿਕ ਹੋਣਾ ਤੈਅ ਹੈ।
‘ਪੰਜਾਬ ਦੇ ਮੁੱਖ ਮੰਤਰੀ ਨਹੀਂ ਸਗੋਂ ਕੇਜਰੀਵਾਲ ਦੇ ਪਾਇਲਟ ਹਨ ਮਾਨ’
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਹਨ। ਜੇ ਕੇਜਰੀਵਾਲ ਗੁਜਰਾਤ ਜਾਂਦੇ ਹਨ ਤਾਂ ਭਗਵੰਤ ਮਾਨ ਵੀ ਉੱਥੇ ਚਲੇ ਜਾਂਦੇ ਹਨ। ਜੇ ਉਹ ਹਰਿਆਣਾ ਜਾਂਦੇ ਹਨ ਤਾਂ ਮਾਨ ਵੀ ਹਰਿਆਣਾ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਧੀਆ ਤੇ ਮਜ਼ਬੂਤ ਮੁੱਖ ਮੰਤਰੀ ਦੀ ਲੋੜ ਹੈ।