ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਪੰਜਾਬ ਸਰਕਾਰ ਨੂੰ ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਹੋਵੇਗੀ ਮੋਟੀ ਕਮਾਈ

05:29 AM Dec 31, 2024 IST
ਲੁਧਿਆਣਾ ਦੇ ਪੀਏਯੂ ਗਰਾਊਂਡ ’ਚ ਦਿਲਜੀਤ ਦੋਸਾਂਝ ਦੇ ਕੰਸਰਟ ਲਈ ਤਿਆਰ ਕੀਤੀ ਗਈ ਸਟੇਜ। -ਫੋਟੋ: ਅਸ਼ਵਨੀ ਧੀਮਾਨ

* 25 ਕਰੋੜ ਰੁਪਏ ਦੀਆਂ ਟਿਕਟਾਂ ਦੀ ਵਿਕਰੀ ਹੋਣ ਦਾ ਅਨੁਮਾਨ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 30 ਦਸੰਬਰ
ਪੰਜਾਬ ਸਰਕਾਰ ਨੂੰ ਨਵੇਂ ਸਾਲ 2025 ਦੇ ਸਮਾਗਮਾਂ ਨੂੰ ਲੈ ਕੇ ਹੋਣ ਵਾਲੇ ਗਾਇਕਾਂ ਦੇ ਸ਼ੋਅਜ਼ ਤੋਂ ਕਰੋੜਾਂ ਦੀ ਕਮਾਈ ਹੋਣ ਦਾ ਅਨੁਮਾਨ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਭਲਕੇ 31 ਦਸੰਬਰ ਨੂੰ ਲੁਧਿਆਣਾ ਦੀ ਖੇਤੀ ਯੂਨੀਵਰਸਿਟੀ ਦੇ ਫੁਟਬਾਲ ਗਰਾਊਂਡ ਵਿਚ ਪ੍ਰੋਗਰਾਮ ਹੋ ਰਿਹਾ ਹੈ। ਸੂਬਾ ਸਰਕਾਰ ਨੂੰ ਇਸ ਸ਼ੋਅ ਤੋਂ ਟੈਕਸਾਂ ਦੇ ਰੂਪ ਵਿਚ 4.50 ਕਰੋੜ ਦੀ ਆਮਦਨ ਹੋਣ ਦੀ ਆਸ ਹੈ। ਪੰਜਾਬ ਸਰਕਾਰ ਦੀ ਵਿੱਤੀ ਸਿਹਤ ਬਹੁਤੀ ਠੀਕ ਨਹੀਂ ਹੈ ਅਤੇ ਇਸੇ ਕਰਕੇ ਸਰਕਾਰ ਹਰ ਪਾਸਿਓਂ ਆਸਰਾ ਤੱਕ ਰਹੀ ਹੈ।

ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ ਨੇ ਪਹਿਲਾਂ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਕੰਸਰਟ ਕੀਤੇ ਹਨ। ਇਸੇ ਲੜੀ ਤਹਿਤ ਪੰਜਾਬ ’ਚ ਇਹ ਦਿਲਜੀਤ ਦਾ ਪਹਿਲਾ ਸ਼ੋਅ ਹੈ। ਪੰਜਾਬ ਸਰਕਾਰ ਵੱਲੋਂ ਜੋ ਵੇਰਵੇ ਇਕੱਠੇ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਕਰੀਬ 25 ਕਰੋੜ ਦੀਆਂ ਟਿਕਟਾਂ (ਸਮੇਤ ਜੀਐੱਸਟੀ) ਦੀ ਵਿਕਰੀ ਹੋਣ ਦਾ ਅਨੁਮਾਨ ਹੈ, ਜਿਸ ਤੋਂ ਸੂਬਾ ਸਰਕਾਰ ਨੂੰ ਕਰੀਬ 4.50 ਕਰੋੜ ਦੀ ਆਮਦਨ ਹੋਵੇਗੀ। ਸੂਬਾ ਸਰਕਾਰ ਦਾ ਅਨੁਮਾਨ ਹੈ ਕਿ ਇਸ ਸ਼ੋਅ ਲਈ 50 ਹਜ਼ਾਰ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ। ਇੱਕ ਟਿਕਟ ਦੀ ਕੀਮਤ ਪੰਜ ਤੋਂ ਛੇ ਹਜ਼ਾਰ ਰੁਪਏ ਹੈ ਪਰ ਸੂਤਰ ਦੱਸਦੇ ਹਨ ਕਿ ਟਿਕਟਾਂ ਦੀ ਬਲੈਕ ਕੀਮਤ ਇਸ ਤੋਂ ਕਿਤੇ ਵੱਧ ਹੈ। ਜ਼ੋਮੈਟੋ ਲਾਈਵ ਵੱਲੋਂ ਟਿਕਟਾਂ ਦੀ ਆਨਲਾਈਨ ਵਿਕਰੀ ਕੀਤੀ ਗਈ ਹੈ। ਮੈਸਰਜ਼ ਸਾਰੇਗਾਮਾ ਇੰਡੀਆ ਲਿਮਟਿਡ ਪ੍ਰਮੁੱਖ ਇਸ ਦਾ ਈਵੈਂਟ ਮੈਨੇਜਰ ਹੈ, ਜਦਕਿ ਮੈਸਰਜ਼ ਐੱਸਈ ਇੰਟਰਨੈਸ਼ਨਲ ਐਂਟਰਟੇਨਮੈਂਟ ਸਹਾਇਕ ਮੈਨੇਜਰ ਹੈ।
ਇਸ ਸ਼ੋਅ ਲਈ ਪੰਜਾਬ ਖੇਤੀ ’ਵਰਸਿਟੀ ਨੂੰ ਗਰਾਊਂਡ ਆਦਿ ਦੇ ਕਿਰਾਏ ਵਜੋਂ 20.65 ਲੱਖ ਰੁਪਏ ਵੱਖਰੇ ਮਿਲਣਗੇ, ਜਿਸ ਤੋਂ ਸਰਕਾਰ ਨੂੰ 3.15 ਲੱਖ ਰੁਪਏ ਟੈਕਸ ਦੇ ਰੂਪ ਵਿਚ ਮਿਲਣਗੇ। ਦਿਲਜੀਤ ਦੋਸਾਂਝ ਦੇ ਸ਼ੋਅ ਲਈ 25 ਦਸੰਬਰ ਤੋਂ ਤਿੰਨ ਜਨਵਰੀ ਤੱਕ ਖੇਤੀ ’ਵਰਸਿਟੀ ਤੋਂ ਗਰਾਊਂਡ ਕਿਰਾਏ ’ਤੇ ਲਿਆ ਗਿਆ ਹੈ। ਦਿਲਜੀਤ ਦੇ ਸ਼ੋਅ ਦੇ ਸਪਾਂਸਰ, ਖਾਣ ਪੀਣ ਤੇ ਹੋਰ ਉਤਪਾਦਾਂ ਦੀ ਇਸ਼ਤਿਹਾਰੀ ਕਮਾਈ ’ਤੇ ਵੀ ਮੈਸਰਜ਼ ਸਾਰੇਗਾਮਾ ਇੰਡੀਆ ਨੂੰ 18 ਫ਼ੀਸਦੀ ਜੀਐੱਸਟੀ ਤਾਰਨਾ ਪਵੇਗਾ। ਨਵੇਂ ਵਰ੍ਹੇ ਦੇ ਪ੍ਰੋਗਰਾਮ ਪੰਜਾਬ ਦੇ ਵੱਡੇ-ਛੋਟੇ ਸ਼ਹਿਰਾਂ ਵਿਚ ਹੋ ਰਹੇ ਹਨ, ਜਿੱਥੇ ਛੋਟੇ ਅਤੇ ਵੱਡੇ ਗਾਇਕ ਰੰਗ ਬੰਨ੍ਹਣਗੇ, ਇਨ੍ਹਾਂ ਤੋਂ ਜੋ ਸਰਕਾਰੀ ਖ਼ਜ਼ਾਨੇ ਨੂੰ ਕਮਾਈ ਹੋਵੇਗੀ, ਉਹ ਵੱਖਰੀ ਹੈ।

Advertisement

ਸਤਿੰਦਰ ਸਰਤਾਜ ਦੇ ਸ਼ੋਅ ਦੀ ਟਿਕਟ 40 ਹਜ਼ਾਰ ਰੁਪਏ

ਸਤਿੰਦਰ ਸਰਤਾਜ

ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ 31 ਦਸੰਬਰ ਨੂੰ ਨਵੇਂ ਵਰ੍ਹੇ ਦਾ ਪ੍ਰੋਗਰਾਮ ਨਿਊ ਚੰਡੀਗੜ੍ਹ (ਮੁੱਲਾਂਪੁਰ) ਦੇ ਓਮੈਕਸ ਪਲਾਜ਼ਾ ਵਿਚ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਜੋ ਸੂਚਨਾ ਲਈ ਹੈ, ਉਸ ਮੁਤਾਬਿਕ ਇਸ ਈਵੈਂਟ ਵਿਚ 1500 ਤੋਂ ਲੈ ਕੇ 2000 ਸਰੋਤੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਸ਼ੋਅ ਦੀ ਟਿਕਟ ਆਮ ਪਬਲਿਕ ਲਈ 1500 ਰੁਪਏ, ਗੋਲਡ ਟਿਕਟ 7500 ਰੁਪਏ ਅਤੇ ਸਿਖਰਲੀ ਟਿਕਟ 40 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਹੈ। ਸਰਤਾਜ ਦੇ ਸ਼ੋਅ ਲਈ ਪ੍ਰਬੰਧਕਾਂ ਨੇ ਆਬਕਾਰੀ ਵਿਭਾਗ ਤੋਂ ਸ਼ਰਾਬ ਦੀ ਸਪਲਾਈ ਦਾ ਲਾਇਸੈਂਸ 26 ਦਸੰਬਰ ਨੂੰ ਲਿਆ ਹੈ, ਜਿਸ ਦੀ ਫ਼ੀਸ 50 ਹਜ਼ਾਰ ਰੁਪਏ ਤਾਰੀ ਗਈ ਹੈ। ਟਿਕਟਾਂ ਦੀ ਵਿਕਰੀ ’ਤੇ ਸਰਕਾਰ ਨੂੰ 18 ਫ਼ੀਸਦ ਜੀਐੱਸਟੀ ਮਿਲੇਗੀ।

Advertisement